ਕਸ਼ਮੀਰ ਤੋਂ ਬਿਨਾਂ ਸੇਬ ਲੱਦੇ ਪਰਤ ਰਹੇ ਨੇ ਟਰੱਕ ਚਾਲਕ

ਸੇਬ ਲੈਣ ਲਈ ਦੇਸ਼ ਭਰ ਤੋਂ ਕਸ਼ਮੀਰ ਆ ਰਹੇ ਟਰੱਕ ਚਾਲਕਾਂ ਦੀਆਂ ਲਗਾਤਾਰ ਹੱਤਿਆਵਾਂ ਤੋਂ ਬਾਅਦ ਭਾਵੇਂ ਇਨ੍ਹਾਂ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਚਾਲਕਾਂ ਦਾ ਭਰੋਸਾ ਜਿੱਤਣ ’ਚ ਸੁਰੱਖਿਆ ਬਲ ਨਾਕਾਮ ਰਹੇ ਹਨ। ਸਿੱਟੇ ਵਜੋਂ ਸੇਬ ਟਰੱਕਾਂ ਵਿਚ ਲੱਦੇ ਬਿਨਾਂ ਉਹ ਮੁੜ ਰਹੇ ਹਨ। ਕਰੀਬ 250 ਤੋਂ ਵੱਧ ਟਰੱਕ ਬਿਨਾਂ ਮਾਲ ਭਰੇ ਪਰਤ ਗਏ ਹਨ। ਇਸ ਤਰ੍ਹਾਂ ਉਨ੍ਹਾਂ ਦੀ ਵਾਪਸੀ ਕਸ਼ਮੀਰੀਆਂ ਲਈ ਸਮੱਸਿਆ ਖੜ੍ਹੀ ਕਰ ਰਹੀ ਹੈ। ਦੱਖਣੀ ਕਸ਼ਮੀਰ ਦੇ ਸ਼ੋਪੀਆਂ ਵਿਚ ਸੇਬਾਂ ਨਾਲ ਲੱਦੇ ਤਿੰਨ ਟਰੱਕਾਂ ਨੂੰ ਨਿਸ਼ਾਨਾ ਬਣਾਏ ਜਾਣ ਤੇ ਚਾਲਕਾਂ ਦੀ ਹੱਤਿਆ ਸਬੰਧੀ ਡੀਜੀਪੀ ਦਿਲਬਾਗ ਸਿੰਘ ਨੇ ਕਿਹਾ ਹੈ ਕਿ ਪਾਕਿਸਤਾਨ ਦੀ ਹਮਾਇਤ ਹਾਸਲ ਦਹਿਸ਼ਤਗਰਦ ਘਾਟੀ ਤੇ ਲੋਕਾਂ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਅਤਿਵਾਦੀਆਂ ਵੱਲੋਂ ਕੀਤੀ ਗਈ ਇਹ ਕਾਇਰਤਾ ਵਾਲੀ ਕਾਰਵਾਈ ਲੋਕਾਂ ਦੀ ਰੋਜ਼ੀ-ਰੋਟੀ ’ਤੇ ਹਮਲਾ ਹੈ। ਡੀਜੀਪੀ ਨੇ ਕਿਹਾ ਕਿ ਉਨ੍ਹਾਂ ਜ਼ਿੰਮੇਵਾਰਾਂ ਦੀ ਸ਼ਨਾਖ਼ਤ ਕਰ ਲਈ ਹੈ ਤੇ ਜਲਦੀ ਹੀ ਸਖ਼ਤ ਕਦਮ ਚੁੱਕੇ ਜਾਣਗੇ। ਦੱਸਣਯੋਗ ਹੈ ਕਿ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿਚ ਵੀਰਵਾਰ ਰਾਤ ਅਤਿਵਾਦੀਆਂ ਨੇ ਪੈਟਰੋਲ ਬੰਬਾਂ ਨਾਲ ਟਰੱਕਾਂ ’ਤੇ ਹਮਲਾ ਕੀਤਾ ਸੀ। ਚਾਲਕਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਤੇ ਦੋ ਦੀ ਮੌਤ ਹੋ ਗਈ ਸੀ। ਸ਼ੋਪੀਆਂ ਦੇ ਡੀਸੀ ਯਾਸੀਨ ਚੌਧਰੀ ਨੇ ਦੱਸਿਆ ਕਿ ਸ਼ੋਪੀਆਂ ਵਿਚ ਹੀ ਤੀਜੀ ਘਟਨਾ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਸਬੰਧੀ ਨਵੇਂ ਸਿਰਿਓਂ ਕਦਮ ਚੁੱਕੇ ਗਏ ਹਨ ਪਰ ਕੁਝ ਟਰੱਕ ਅੰਦਰੂਨੀ ਇਲਾਕਿਆਂ ਵਿਚ ਜਾ ਰਹੇ ਹਨ। ਪ੍ਰਸ਼ਾਸਨ ਵੱਲੋਂ ਟਰੱਕ ਚਾਲਕਾਂ ਦਾ ਭਰੋਸਾ ਬਹਾਲ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।