ਕਸ਼ਮੀਰ: ਉਮਰ ਅਬਦੁੱਲਾ ਅੱਠ ਮਹੀਨੇ ਮਗਰੋਂ ਰਿਹਾਅ

ਨੈਸ਼ਨਲ ਕਾਨਫ਼ਰੰਸ ਵੱਲੋਂ ਉਪ ਪ੍ਰਧਾਨ ਦੀ ਰਿਹਾਈ ਦਾ ਸਵਾਗਤ


ਸ੍ਰੀਨਗਰ-
ਨੈਸ਼ਨਲ ਕਾਨਫ਼ਰੰਸ ਦੇ ਉਪ ਪ੍ਰਧਾਨ ਤੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਅੱਜ ਅੱਠ ਮਹੀਨੇ ਦੀ ਨਜ਼ਰਬੰਦੀ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਹੈ। ਐੱਨਸੀ ਆਗੂ ਤੋਂ ਸਖ਼ਤ ਕਾਨੂੰਨ ਪੀਐੱਸਏ ਹਟਾ ਲਿਆ ਗਿਆ ਹੈ। ਜਿਵੇਂ ਹੀ ਉਨ੍ਹਾਂ ਦੀ ਰਿਹਾਈ ਦਾ ਐਲਾਨ ਹੋਇਆ, ਮਾਸਕ ਪਹਿਨੇ ਮੀਡੀਆ ਕਰਮੀਆਂ ਤੇ ਹਮਾਇਤੀਆਂ ਦੀ ਉਨ੍ਹਾਂ ਦੇ ਘਰ ਦੇ ਬਾਹਰ ਕਤਾਰ ਲੱਗ ਗਈ। 10 ਮਾਰਚ ਨੂੰ ਉਮਰ ਅਬਦੁੱਲਾ 50 ਸਾਲ ਦੇ ਹੋਏ ਹਨ। ਜ਼ਿਕਰਯੋਗ ਹੈ ਕਿ ਪੰਜ ਅਗਸਤ ਨੂੰ ਕੇਂਦਰ ਸਰਕਾਰ ਨੇ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦਿੰਦੀ ਧਾਰਾ 370 ਹਟਾ ਲਈ ਸੀ ਤੇ ਸੂਬੇ ਨੂੰ ਦੋ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿਚ ਤਬਦੀਲ ਕਰ ਦਿੱਤਾ ਸੀ। ਉਨ੍ਹਾਂ ਖ਼ਿਲਾਫ਼ ਪੀਐੱਸਏ ਹਟਾਉਣ ਦਾ ਹੁਕਮ ਗ੍ਰਹਿ ਸਕੱਤਰ ਸ਼ਾਲੀਨ ਕਾਬੜਾ ਨੇ ਜਾਰੀ ਕੀਤਾ। ਅਬਦੁੱਲਾ ’ਤੇ ਪੰਜ ਫਰਵਰੀ ਨੂੰ ਪੀਐੱਸਏ ਐਕਟ ਉਨ੍ਹਾਂ ਦੀ ਨਜ਼ਰਬੰਦੀ ਖ਼ਤਮ ਹੋਣ ਤੋਂ ਕੁਝ ਸਮਾਂ ਪਹਿਲਾਂ ਲਾਇਆ ਗਿਆ ਸੀ। ਉਮਰ ਦੀ ਰਿਹਾਈ ਬਾਰੇ ਐਲਾਨ ਹੋਣ ’ਤੇ ਸਭ ਤੋਂ ਪਹਿਲਾਂ ਉਨ੍ਹਾਂ ਦੀ ਮਾਂ ਐੱਨਸੀ ਆਗੂ ਲਈ ਬਣਾਏ ਆਰਜ਼ੀ ਨਜ਼ਰਬੰਦੀ ਕੇਂਦਰ ਵਿਚ ਉਨ੍ਹਾਂ ਨੂੰ ਮਿਲਣ ਗਈ। ਅਬਦੁੱਲਾ ਨੂੰ ਸਰਕਾਰੀ ਗੈਸਟ ਹਾਊਸ ਹਰੀ ਨਿਵਾਸ ਵਿਚ ਰੱਖਿਆ ਜਾ ਰਿਹਾ ਸੀ ਜੋ ਕਿ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਤੋਂ ਕੁਝ ਹੀ ਦੂਰੀ ’ਤੇ ਹੈ। ਦੱਸਣਯੋਗ ਹੈ ਕਿ ਉਮਰ ਦੇ ਪਿਤਾ ਫ਼ਾਰੂਕ ਅਬਦੁੱਲਾ ਨੂੰ ਵੀ ਪੀਐੱਸਏ ਤਹਿਤ ਨਜ਼ਰਬੰਦ ਕੀਤਾ ਗਿਆ ਸੀ ਤੇ 13 ਮਾਰਚ ਨੂੰ ਰਿਹਾਅ ਕੀਤਾ ਗਿਆ। ਉਹ ਵੀ 221 ਦਿਨ ਨਜ਼ਰਬੰਦੀ ਵਿਚ ਰਹੇ। ਐੱਨਸੀ ਦੇ ਸੂਬਾਈ ਪ੍ਰਧਾਨ ਦੇਵੇਂਦਰ ਸਿੰਘ ਰਾਣਾ ਨੇ ਉਮਰ ਅਬਦੁੱਲਾ ਦੀ ਰਿਹਾਈ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ‘ਇਹ ਸਹੀ ਦਿਸ਼ਾ ਵਿਚ ਚੁੱਕਿਆ ਗਿਆ ਕਦਮ ਹੈ।’ ਪੀਡੀਪੀ ਆਗੂ ਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਹਾਲੇ ਵੀ ਨਜ਼ਰਬੰਦੀ ਹੇਠ ਹੈ। ਉਮਰ ਨੇ ਇਸ ਮੌਕੇ ਕਿਹਾ ਕਿ ਕਸ਼ਮੀਰ ਦੇ ਲੋਕਾਂ ਨੇ ਬੇਹੱਦ ਮੁਸ਼ਕਲ ਝੱਲੀ ਹੈ, ਬੱਚੇ ਲੰਮਾ ਸਮਾਂ ਸਕੂਲ ਨਹੀਂ ਜਾ ਸਕੇ, ਦੁਕਾਨਦਾਰ ਦੁਕਾਨਾਂ ਨਹੀਂ ਖੋਲ੍ਹ ਸਕੇ, ਕਮਾਈ ਖ਼ਤਮ ਹੋ ਗਈ, ਸੈਰ-ਸਪਾਟਾ ਸਨਅਤ ਨਾਲ ਜੁੜੇ ਕਈ ਕਾਰੋਬਾਰ ਤੇ ਫੈਕਟਰੀਆਂ ਬੰਦ ਹੋ ਗਈਆਂ। ਪੰਜ ਫਰਵਰੀ ਨੂੰ ਉਮਰ ਅਬਦੁੱਲਾ ਨੂੰ ਜਾਰੀ ਕੀਤੇ ਗਏ ਤਿੰਨ ਸਫ਼ਿਆਂ ਦੇ ਡੌਜ਼ੀਅਰ ਨੂੰ ਉਨ੍ਹਾਂ ਦੀ ਭੈਣ ਸਾਰਾ ਅਬਦੁੱਲਾ ਪਾਇਲਟ ਨੇ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਸੀ। ਸੁਪਰੀਮ ਕੋਰਟ ਨੇ ਪਿਛਲੇ ਹਫ਼ਤੇ ਕੇਂਦਰ ਤੇ ਜੰਮੂ ਕਸ਼ਮੀਰ ਪ੍ਰਸ਼ਾਸਨ ਨੂੰ ਪੁੱਛਿਆ ਸੀ ਕਿ ਕੀ ਅਥਾਰਿਟੀ ਉਮਰ ਨੂੰ ਰਿਹਾਅ ਕਰ ਰਹੀ ਹੈ? ਇਸ ਬਾਰੇ ਹਫ਼ਤੇ ਵਿਚ ਹੀ ਜਵਾਬ ਦਿੱਤਾ ਜਾਵੇ। ਸਿਖ਼ਰਲੀ ਅਦਾਲਤ ਨੇ ਕਿਹਾ ਸੀ ਕਿ ਜੇ ਅਬਦੁੱਲਾ ਨੂੰ ਜਲਦੀ ਰਿਹਾਅ ਨਹੀਂ ਕੀਤਾ ਗਿਆ ਤਾਂ ਸਾਰਾ ਅਬਦੁੱਲਾ ਦੀ ਪਟੀਸ਼ਨ ਪਹਿਲ ਦੇ ਅਧਾਰ ’ਤੇ ਸੁਣੀ ਜਾਵੇਗੀ।