ਕਵਿਤਾ-ਇੰਡੀਆ ਦੇ ਬਾਬੇ

(ਸਮਾਜ ਵੀਕਲੀ)

ਸੁਣੋ ਗੱਲ ਮੇਰੀ ਕਰਕੇ ਧਿਆਨ ਜੀ
ਭਾਰਤ ‘ਚ ਬਾਬੇ ਵੰਡਦੇ ਗਿਆਨ ਜੀ
ਬਹੁਤਾ ਭਾਵੇਂ ਕੋਲ ਨਾ ਗਿਆਨ ਅੱਖਰੀ
ਇੰਡੀਆ ਦੇ ਬਾਬਿਆਂ ਦੀ ਗੱਲ ਵੱਖਰੀ

ਰੰਗ ਤੇ ਬਰੰਗੇ ਇਥੇ ਬਾਬੇ ਮਿਲ਼ਦੇ
ਸਿੱਟਣ ਨੂੰ ਥਾਂ ਇੱਥੇ ਨਹੀਉਂ ਤਿਲ ਦੇ
ਜਾਲ ਪਾਇਆ ਏਦਾਂ ਜਿਵੇਂ ਪਾਉਂਦੀ ਮੱਕੜੀ
ਇੰਡੀਆ ਦੇ ਬਾਬਿਆਂ…..

ਵੱਡੇ ਵੱਡੇ ਢਿੱਡ ਚਮਕਦੇ ਚੇਹਰੇ ਨੇ
ਮਾਇਆ ਕੋਲੋਂ ਉਂਝ ਕੀਤੇ ਦੂਰ ਡੇਰੇ ਨੇ
ਤੋਲਦੇ ਨੇ ਗੱਲਾਂ ਝੂਠੀ ਫੜ ਤੱਕੜੀ
ਇੰਡੀਆ ਦੇ ਬਾਬਿਆਂ…..

ਵਾਚਦੇ ਨੇ ਪੱਤਰੀ ਤੇ ਹੱਥ ਦੇਖਦੇ
ਮਿੰਟ ਵਿੱਚ ਲਾਉਂਦੇ ਮੇਖ ਏਹੇ ਰੇਖ ਦੇ
ਦੰਦੀ ਵੱਢ ਕਈ ਕੱਢਦੇ ਆ ਪੱਥਰੀ
ਇੰਡੀਆ ਦੇ ਬਾਬਿਆਂ…

ਕਈਆਂ ਵਿਚ ਮਾਤਾ ਤੇ ਸ਼ਹੀਦ ਆਉਂਦੇ ਨੇ
ਵਾਲ ਜੇ ਖਲਾਰ ਫੇਰ ਰੌਲਾ ਪਾਉਂਦੇ ਨੇ
ਉੱਚੀ ਉੱਚੀ ਆਖਦੇ ਪਰੇਤ ਮੱਛਰੀ
ਇੰਡੀਆ ਦੇ ਬਾਬਿਆਂ……

ਬਾਬਿਆਂ ਦਾ ਕਿੱਸਾ ਬੜਾ ਗੋਲ-ਮੋਲ ਜੀ
ਲੀਡਰਾਂ ਦਾ ਇਹਨਾਂ ਨਾਲ ਮੇਲ-ਜੋਲ ਜੀ
ਇਹਨਾਂ ਸਿਰਾਂ ਉਤੇ ਸਰਕਾਰੀ ਛੱਤਰੀ
ਇੰਡੀਆ ਦੇ ਬਾਬਿਆਂ…..

ਬਨਾਰਸ ਦੇ ਠੱਗ ਅੱਜ ਬਹੁਤੇ ਫਿਰਦੇ
ਅੱਕਾਂ ਵਿਚ ਡਾਂਗਾਂ ਮਾਰਦੇ ਨੇ ਚਿਰਦੇ
ਰੱਬ ਨਾਲ ਇਹਨਾਂ ਦੀ ਨਾ ਪੈਂਦੀ ਸੱਥਰੀ
ਇੰਡੀਆ ਦੇ ਬਾਬਿਆਂ……

ਜਿਹੜੇ ਹੋਣ ਵਿਹਲੇ ਉਹੋ ਨਾਲ ਰਹਿੰਦੇ ਆ
ਚੌਵੀ ਘੰਟੇ ਉਹ ਜੈ ਜੈ ਕਾਰ ਕਹਿੰਦੇ ਆ
ਹੋਂਵਦੇ ਆ ਇੰਝ ਜਿਵੇਂ ਫਿੱਸੀ ਖੱਖੜੀ
ਇੰਡੀਆ ਦੇ ਬਾਬਿਆਂ……

ਜਨਤਾ ਨੂੰ ਲੁੱਟ ਇੱਥੇ ਖਾਈ ਜਾਂਦੇ ਨੇ
ਸ਼ਰਧਾ ਚ ਲੋਕ ਵੀ ਲੁਟਾਈ ਜਾਂਦੇ ਨੇ
ਗੋਲ-ਗੋਲ ਬਸ ਘੁੰਮਦੀ ਆ ਚੱਕਰੀ
ਇੰਡੀਆ ਦੇ ਬਾਬਿਆਂ…..

ਬਣਜੋ ਸਿਆਣੇ ਸੱਚ ਪਹਿਚਾਣ ਲੋ
ਅਸਲੀ ਤੇ ਨਕਲੀ ਨੂੰ ਤੁਸੀਂ ਜਾਣ ਲੋ
‘ਮੇਹਨਤੀ’ ਨੂੰ ਕਹਿਣਾ ਬੋਲੀ ਬੋਲੇ ਅੱਥਰੀ
ਇੰਡੀਆ ਦੇ ਬਾਬਿਆਂ ਦੀ ਗੱਲ ਵੱਖਰੀ

– ਮਹਿੰਦਰ ਸਿੰਘ ਮੇਹਨਤੀ
ਮੋ. +91 7355 018 629