ਕਰੋਨਾ-2, ਸਰਦੀ ਅਤੇ ਸਮਾਜ

ਪ੍ਰਿੰ ਕੇਵਲ ਸਿੰਘ ਰੱਤੜਾ

(ਸਮਾਜ ਵੀਕਲੀ)

– ਕੇਵਲ ਸਿੰਘ ਰੱਤੜਾ

ਕਰੋਨਾ ਦਾ ਕਹਿਰ ਬਦਸਤੂਰ ਜਾਰੀ ਹੈ। ਗਰਮੀਆਂ ਦੇ ਕੁੱਝ ਕੁ ਮਹੀਨਿਆਂ ਵਿੱਚ ਇਸ ਤੋਂ ਲੋਕਾਂ ਨੂੰ ਨਿਜ਼ਾਤ ਮਿਲੀ ਸੀ। ਪੂਰਬੀ ਦੇਸ਼ਾਂ ਵਿੱਚ ਮੌਸਮ ਦੀ ਤਬਦੀਲੀ ਕਰਕੇ ਅਤੇ ਸਰੀਰਕ ਪਸੀਨੇ ਦੇ ਕਾਰਨ ਐਲਰਜੀ ਦੇ ਲੱਛਣ ਵੀ ਘੱਟ ਜਾਂਦੇ ਹਨ। ਸਰਕਾਰਾਂ ਨੇ ਵੀ ਆਪਣੇ ਪੱਧਰ ਤੇ ਸਥਾਨਕ ਹਾਲਤਾਂ ਦੇ ਮੱਦੇਨਜਰ ਕੁੱਝ ਲੋੜੀਂਦੇ ਪ੍ਰਬੰਧਾਂ ਦਾ ਇੰਤਜ਼ਾਮ ਕਰ ਲਿਆ ਸੀ ਅਤੇ ਲੋਕਾਂ ਨੇ ਵੀ ਕੁੱਝ ਜਾਣਕਾਰੀ ਹਾਸਲ ਕਰਕੇ ਕਰੋਨਾ ਦੇ ਰੂਪ ਨੂੰ ਸਮਝਿਆ। ਪਰ ਇਹ ਗੱਲ ਸਭ ਨੂੰ ਮੰਨਣੀ ਪਈ ਕਿ ਕਰੋਨਾ ਦਾ ਭੂਤ ਕਾਬੂ ਕਰਨ ਲਈ ਹਾਲੇ ਤੱਕ ਵੀ ਕੋਈ ਮਾਹਿਰ ਮਾਂਦਰੀ ਦਾਅਵਾ ਨਹੀਂ ਕਰ ਸਕਿਆ ਅਤੇ ਇਹ ਦੁਬਾਰਾ ਆਪਣਾ ਵਿਰਾਟ ਰੂਪ ਦਿਖਾ ਰਿਹਾ ਹੈ।ਕੋਈ ਵੀ, ਡਾਕਟਰ, ਯੋਗੀ, ਵੈਦ, ਹਕੀਮ, ਦੇਵੀ, ਦੇਵਤਾ, ਅਵਤਾਰ, ਦੈਵੀ ਸ਼ਕਤੀਆਂ ਦੇ ਮਾਇਆ ਜਾਲ ਨਾਲ ਲੋਕਾਂ ਨੂੰ ਵਰਗ ਲਾਉਣ ਵਾਲੇ ਪਖੰਡੀ ਤਾਂਤਰਿਕ ਜਾਂਆਪਣੇ ਨਾਵਾਂ ਨਾਲ ਕਈ ਕਈ ਵਾਰੀ ਸ੍ਰੀ ਸ੍ਰੀ 108 ਜਾਂ 1008 ਲਾਉਣ ਵਾਲੇ ਮਹਾਤਮਾਂ ਇਸ ਮਹਾਮਾਰੀ ਬਾਰੇ ਗੱਲ-ਬਾਤ ਕਰਨ ਤੋਂ ਮੁਨੱਕਰ ਹੋ ਟੀਵੀ ਅਤੇ ਸ਼ੋਸ਼ਲ ਮੀਡੀਆ ਤੋਂ ਦੂਰੀ ਬਣਾਈ ਬੈਠੇ ਹਨ। ਸਤਿਸੰਗ ਕਰਨ ਵਾਲੇ ਬਾਬੇ ਤਾਂ ਕਰੋਨਾ ਪ੍ਰਸਾਦ ਦੇ ਨਾਂ ਹੇਠ ਰੋਗਵਿਰੋਧੀ ਸ਼ਕਤੀ(ਇਮਊਨਟੀ) ਵਧਾਉਣ ਦੇ ਹੀ ਕਾਰੋਬਾਰਾਂ ਨਾਲ ਆਪਣਾ ਰੋਟੀ ਫੁਲਕਾ (ਵਪਾਰ) ਖ਼ੂਬ ਕਮਾ ਰਹੇ ਹਨ। ਕਾੜ੍ਹੇ, ਗਾੜ੍ਹੇ ਤੇ ਰਾੜ੍ਹੇ ਵਰਗੇ ਸ਼ਬਦ ਸਾਡੀ ਨਵੀਂ ਪਨੀਰੀ ਨੂੰ ਖੂਬ ਸਮਝ ਆਉਣ ਲੱਗ ਪਏ ਹਨ।ਕਾਰਣ ਹੈ, ਸ਼ੋਸ਼ਲ ਮੀਡੀਆ ਉੱਤੇ ਅਤੇ ਯੂ ਟਿਊਬ ਵਰਗੇ ਪਲੇਫਾਰਮਾਂ ਤੇ ਦੇਸੀ ਕਾੜ੍ਹੇ ਬਣਾਉਣ ਲਈ ਲਾਈਵ ਰਸੋਈ ਵਿੱਚਲੇ ਦੇਸੀ ਨੁੱਸਖੇ।

ਭਾਰਤ ਵਿੱਚ ਕਰੋਨਾ ਦੇ ਪਰਹੇਜ਼ ਵਾਸਤੇ ਜਿਵੇਂ ਕਿ ਮਾਸਕ, ਹੱਥਾਂ ਦੀ ਸਫਾਈ, ਸਮਾਜਿਕ ਦੂਰੀ, ਭੀੜੀ ਥਾਂਵਾਂ ਤੇ ਇਕੱਠਾਂ ਦੀ ਮਨਾਹੀ, ਸਿਨੇਮੇ ਅਤੇ ਮਾਲ ਵਿੱਚ ਲੋਕਾਂ ਦਾ ਜਮਾਵੜਾ ਘਟਾਉਣਾਂ,ਰੇਲ ਗੱਡੀਆਂ ਤੇ ਬੱਸਾਂ ਵਿੱਚ ਸਵਾਰੀਆਂ ਦੀ ਗਿਣਤੀ ਸੀਮਿਤ ਕਰਨਾ, ਦੁਸਹਿਰੇ ਵਰਗੇ ਕੌਮੀ ਤਿਉਹਾਰ ਤੇ ਵੀ ਭੀੜ ਘੱਟਣਾ ਅਤੇ ਬਾਅਦ ਵਿੱਚ ਚੋਣਵੇਂ ਸੂਬਿਆਂ ਵੱਲੋਂ ਦਿਵਾਲੀ ਮੌਕੇ ਪਟਾਕਿਆਂ ਉੱਤੇ ਪੂਰਨ ਜਾਂ ਅੰਸ਼ਿਕ ਰੋਕ ਵਰਗੇ ਫ਼ੈਸਲੇ ਵੀ ਲਏ ਗਏ।ਭਾਵੇਂ ਕਿ ਦਿਵਾਲੀ ਦੀ ਖਰੀਦ ਦਾਰੀ ਕਰਕੇ ਬਾਜ਼ਾਰਾਂ ਵਿੱਚ ਕਾਰੋਬਾਰੀ ਹਰਿਆਲੀ ਤਾਂ ਆਈ ਪਰ ਨਾਲ ਹੀ ਕਰੋਨਾ ਲਾਗ ਦੇ ਅੰਕੜਿਆਂ ਵਿੱਚ ਵੀ ਖ਼ਤਰਨਾਕ ਪੱਧਰ ਤੇ ਵਾਧਾ ਹੋਇਆ ਖ਼ਾਸ ਕਰਕੇ ਦਿੱਲੀ,ਰਾਜਸਥਾਨ , ਅਹਿਮਦਾਬਾਦ ਅਤੇ ਮੁੰਬਈ ਵਿੱਚ। ਸਕੂਲ ਤਾਂ ਪਹਿਲਾਂ ਹੀ ਬੰਦ ਸਨ।ਕਾਲਜ ਯੂਨੀਵਰਸਿਟੀਆਂ ਵੀ ਹੁਣੇ ਹੀ ਖੁੱਲਣ ਦੀ ਰਾਹ ਤੇ ਹਨ। ਪਰ ਕੁੱਝ ਕੁ ਦਿਨਾਂ ਤੋਂ ਦੁਨੀਆਂ ਭਰ ਵਿੱਚ ਫਿਰ ਤਰਥੱਲੀ ਜਿਹੀ ਮੱਚੀ ਪਈ ਹੈ। ਅਮਰੀਕਾ ਦੇ ਨਾਮਜ਼ਦ ਰਾਸ਼ਟਰਪਤੀ ਜੋਅ ਬਾਇਡਨ ਦੀਆਂ ਟਿੱਪਣੀਆਂ ਅਤੇ ਕਰੋਨਾ ਟਾਕਰੇ ਲਈ ਵਿੱਢੀ ਲਹਿਰ ਤੋਂ ਕਰੋਨਾ ਦੀ ਚਰਚਾ ਫਿਰ ਆਲਮੀ ਮੀਡੀਆ ਦੀਆਂ ਸੁਰਖ਼ੀਆਂ ਵਿੱਚ ਹੋ ਗਈ ਹੈ। ਇੰਗਲੈਂਡ ਨੇ ਲਾਕਡਾਊਨ ਲਾ ਦਿੱਤਾ ਹੈ। ਕਨੇਡਾ ਨੇ ਵੀ ਵੱਡੇ ਸ਼ਹਿਰਾਂ ਵਿੱਚ ਅਡਵਾਈਜ਼ਰੀ ਜਾਰੀ ਕੀਤੀ ਹੈ। ਇੱਥੋਂ ਤੱਕ ਸਖ਼ਤੀ ਕੀਤੀ ਹੈ ਕਿ ਟੈਕਸੀ ਵਿੱਚ ਸਫਰ ਕਰਨ ਵੇਲੇ ਕੋਈ ਯਾਤਰੀ ਰੈਡੀਮੇਡ ਖਾਣਾ ਤੱਕ ਨਹੀਂ ਖਾ ਸਕਦਾ।ਸਾਰੇ ਬਾਰਡਰ ਸੀਲ ਕੀਤੇ ਹਨ।ਹਰ ਤਿੰਨ ਘੰਟੇ ਬਾਅਦ ਹਰ ਦਫਤਰ ਜਾਂ ਸਟੋਰ ਨੂੰ ਸੈਨੇਟਾਈਜ ਕੀਤਾ ਜਾਂਦਾ ਹੈ।ਖਾਣਾ ਡਲਿਵਰੀ ਵਾਲੇ ਖਾਣੇ ਦੇ ਪੈਕਟ ਘਰ ਦੇ ਅੱਗੇ ਰੱਖ ਕੇ ਫ਼ੋਨ ਉੱਤੇ ਸੂਚਨਾ ਦੇਕੇ ਚਲੇ ਜਾਂਦੇ ਹਨ।ਫਰਾਂਸ ਨੇ ਤਾਂ ਦੂਸਰੀਕਰੋਨਾ ਵੇਵ ਲਈ ਇੰਨੀ ਤੇਜ਼ੀ ਨਾਲ ਕੰਟਰੋਲ ਕੀਤਾ ਹੈ ਕਿ ਮੌਤਾਂ ਦੀ ਗਿਣਤੀ 15 ਵੀ ਨਹੀਂ ਹੋਣ ਦਿੱਤੀ।ਹੋਰ ਯੂਰਪੀ ਦੇਸ਼ਾਂ ਨੇ ਵੀਆਪਣੇ ਲੋਕਾਂ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ।ਕਰੋਨਾ ਪ੍ਰਬੰਧਨ ਵਿੱਚ ਅਮਰੀਕਾ ਦਾ ਆਲਮੀ ਸਿਹਤ ਸੰਸਥਾ ਵਿੱਚ ਦੁਬਾਰਾ ਸ਼ਾਮਲ ਹੋਣਾ ਸ਼ੁਭ ਸ਼ਗਨ ਹੈ।ਪਰ ਕਰੋਨਾ ਵੈਕਸੀਨ ਬਾਰੇ ਕੋਈ ਵੀ ਪੁਖ਼ਤਾ ਦਵਾਈ ਦੀ ਖੋਜ ਦਾ ਅਧਿਕਾਰਤ ਦਾਅਵਾ ਨਾ ਹੋ ਸਕਣਾ ਵੀ ਚਿੰਤਾ ਪੈਦਾ ਕਰਦਾ ਹੈ।ਚੀਨ ਦੀ ਇਸ ਮੁੱਦੇ ਤੇ ਸਾਜਿਸ਼ੀ ਅਲਹਿਦਗੀ ਕਈ ਜੰਗੀ ਖ਼ਤਰੇ ਵੀ ਪੈਦਾ ਕਰਦੀ ਹੈ। ਸਭਤੋਂ ਵੱਡਾ ਡਰ ਕਰੋਨਾ ਦੀ ਦੂਸਰੀ ਲਹਿਰ ਦਾ ਭਾਰਤ ਨੂੰ ਹੈ। ਇੱਕ ਤਾਂ ਇਥੇ ਅਬਾਦੀ ਦਾ138 ਕਰੋੜ ਤੋਂ ਵੀ ਜ਼ਿਆਦਾ ਹੋਣਾ,ਅਨਪੜਤਾ ਅਤੇ ਆਮਦਨੀ ਦੀ ਵੰਡ ਦਾ ਬੇਹੱਦ ਜ਼ਾਲਮਾਨਾ ਪੱਧਰ ਦਾ ਫਰਕ ਹੋਣਾ ਤੇ 80 ਕਰੋੜ ਦੀ ਵੱਧ ਦੀ ਅਬਾਦੀ ਦਾ ਪਰਿਵਾਰ ਦੇ ਕੁੱਝ ਕੁ ਜੀਆਂ ਦੀ ਕਮਾਈ ਤੇ ਹੀ ਨਿਰਭਰ ਹੋਣਾ ਹੈ। ਬੇਰੁਜ਼ਗਾਰੀ ਦੇ ਅੰਕੜੇ ਬਹੁਤ ਦੁਖਦਾਈ ਅਤੇ ਮਾਨਸਿਕ ਪੀੜ੍ਹਾ ਪੈਦਾ ਕਰ ਵਾਲੇ ਹਨ।ਇਮੀਊਨਟੀ ਵਧਾਊ ਦੇਸੀ ਜੜ੍ਹੀ ਬੂਟੀਆਂ, ਸਬਜੀਆਂ ਜਾਂ ਮਸਾਲੇ ਵੀ ਤਾਂ ਕਿਹੜੇ ਘਰਾਂ ਦੀਆਂ ਕਿਆਰੀਆਂ ਵਿੱਚ ਪੈਦਾ ਹੁੰਦੇ ਹਨ? ਬਿਨਾਂ ਇੱਕ ਪੱਧਰ ਦੀ ਆਮਦਨੀ ਤੋਂ ਤੰਦਰੁਸਤੀ ਵੀ ਕਿਵੇਂ ਕਾਇਮ ਰੱਖੀ ਜਾ ਸਕਦੀ ਹੈ?

ਆਉ ਜ਼ਰਾ ਸਰਦੀਆਂ ਦੇ ਮੌਸਮ ਵਿੱਚ ਕਰੋਨਾ ਦੇ ਪ੍ਰਬੰਧਨ ਅਤੇ ਸਮਾਜ ਦੀ ਹੁਣ ਤੱਕ ਦੀ ਪਹੁੰਚ ਵੱਲ ਨਜ਼ਰ ਮਾਰੀਏ। ਸਰਦੀਆਂ ਵਿੱਚ ਖੁਸ਼ਕਿਸਮਤੀ ਨਾਲ ਬਰਸਾਤ ਹੋਣ ਨਾਲ ਉੱਤਰੀ ਭਾਰਤ ਵਿੱਚ ਤਾਂ ਮੰਡੀਆਂ ਦੀ ਧੂੜ, ਪਰਾਲ਼ੀ ਦਾ ਧੂੰਆਂ, ਵਾਤਾਵਰਣ ਦੀ ਖੁਸ਼ਕੀ, ਤਿਉਹਾਰਾਂ ਤੇ ਚਲਾਏ ਜਾਣ ਵਾਲੇ ਪਟਾਕੇ ਅਤੇ ਸੜਕੀ ਆਵਾਜਾਈ ਕਾਰਨ ਸਾਹ ਦੇ ਰੋਗਾਂ ਦਾ ਵੱਧਣਾ ਆਮ ਹੀ ਵਰਤਾਰਾ ਹੈ। ਦਿੱਲੀ ਸਰਕਾਰ ਤਾਂ ਹਰ ਸਾਲ ਸਮੌਗ ਨਾਲ ਜੂਝਦੀ ਹੈ।ਭਾਵੇਂ ਕਿ ਇਸ ਸਾਲ ਉਸਨੇ ਹਿੰਮਤੀ ਪਹਿਲ ਕਰਕੇ ਖੇਤੀ ਖੋਜ ਸੰਸਥਾ ਨਾਲ ਮਿੱਲਕੇ ਬਾਇਉ ਕੰਪੋਸਟ ਬਣਾਉਣ ਲਈ ਇੱਕ ਸਪਰ੍ਹੇ ਵੀ ਤਿਆਰ ਕਰਵਾਇਆ ਹੈ। ਇਹ ਸਪਰ੍ਹੇ ਪਰਾਲ਼ੀ ਨੂੰ ਖੇਤ ਅੰਦਰ ਹੀ ਗਾਲ੍ਹ ਕੇ ਜ਼ਮੀਨ ਨੂੰ ਤੇਜ਼ਾਬੀ ਹੋਣ ਤੋਂ ਵੀ ਬਚਾਉਂਦਾ ਹੈ। ਕੇਜਰੀਵਾਲ ਸਰਕਾਰ ਨੇ ਇਹ ਸਪਰ੍ਹੇ ਮੁਫ਼ਤ ਵੰਡਣ ਦੀ ਪਹਿਲ ਕੀਤੀ ਹੈ ਜੋਕਿ ਮਿਸਾਲ ਹੈ ਦੂਜੀਆਂ ਗੁਆਂਢੀ ਸਰਕਾਰਾਂ ਲਈ।ਸਰਦੀਆਂ ਵਿੱਚਲੇ ਠੰਡ, ਜ਼ੁਕਾਮ, ਖੰਘ,ਗਲ੍ਹੇ ਅਤੇ ਛਾਤੀ ਵਿੱਚ ਬਲਗ਼ਮ ਦਾ ਵੱਧਣਾ ਸਾਰੇ ਲੱਛਣ ਕਰੋਨਾ ਨਾਲ ਮਿਲਦੇ ਜੁਲਦੇ ਹਨ।ਇਹਨਾਂ ਦਿਨਾਂ ਵਿੱਚ ਬਲੱਡ ਪ੍ਰੈਸ਼ਰ ਵੱਧਣ , ਕਲੈਸਟਰੋਲ ਵਧਾਊ ਖਾਣ ਪੀਣ, ਦਿਲ ਦੇ ਰੋਗੀਆਂ ਦੀ ਤਕਲੀਫ਼ ਵੱਧਣ ਦੇ ਨਾਲ ਨਾਲ ਜੋੜਾਂ ਦੇ ਦਰਦਾਂ ਦੀ ਕਰਾਹਟ ਵੀ ਵੱਧ ਜਾਂਦੀ ਹੈ।ਉੱਪਰੋਂ ਕਰੋਨਾ ਦਾ ਸਹਿਮ, ਸਭ ਲੋਕ ਬੌਂਦਲ਼ੇ ਹੋਏ ਤੁਰੇ ਫਿਰਦੇ ਨੇ। ਪੰਜਾਬੀ ਕੁੱਝ ਦੇਰ ਸਮਝੌਤਾ ਕਰਨ ਦੀ ਬਜਾਏ, “ਲੋਕੀਂ ਕੀ ਕਹਿਣਗੇ” ਨੂੰ ਵੱਧ ਠੀਕ ਮੰਨਦੇ ਹਨ। ਪਿਛਲੇ ਕਰੋਨਾ ਕਾਲ ਵਿੱਚ ਰਹਿ ਗਏ ਵਿਆਹ, ਮੰਗਣੀਆਂ ਜਾਂ ਹੋਰ ਪਰਿਵਾਰਕ ਮਿਲਣੀਆਂ ਨੇ ਇਸੇ ਹੀ ਮੌਸਮ ਵਿੱਚ ਚਾਅ ਲਾਹੁਣੇ ਹਨ। ਇੱਕੋ ਹੀ ਜਗ੍ਹਾ ਤੇ ਵੱਡਾ ਇਕੱਠ, ਕਰੋਨਾ ਪਾਬੰਦੀਆਂ ਤੋਂ ਲਾਪਰਵਾਹੀ,ਬਜ਼ੁਰਗਾਂ ਦੀ ਦਵਾ ਦਾਰੂ ਵਿੱਚ ਅਣਗਹਿਲੀ,ਤਲ੍ਹੀਆਂ ਤੇ ਵਧੇਰੇ ਮਸਾਲੇਦਾਰ ਤਰਕਾਰੀਆਂ ਅਤੇ ਸਭਤੋਂ ਉੱਪਰ ਮਿਲਾਵਟੀ ਪਨੀਰ ਅਤੇ ਹੋਰ ਡੇਅਰੀ ਵਸਤੂਆਂ ਦਾ ਵੱਧ ਹੱਥਾਂ ਰਾਹੀਂ ਨਿਕਲਣਾ,ਕਰੋਨਾ ਨੂੰ ਸੱਦਾ ਦੇਣ ਲਈ ਕਾਫ਼ੀ ਹਨ। ਸਾਡੇ ਆਪਣੇ ਸ਼ਹਿਰ ਵਿੱਚ45 ਸਾਲਾ ਇੱਕ ਹਲਵਾਈ ਦੇ ਪਰਿਵਾਰ ਦੇ 3 ਜੀਆਂ ਦੀ ਕਰੋਨਾ ਕਰਕੇ ਮੌਤ ਇਸ ਲਾਪ੍ਰਵਾਹੀ ਕਾਰਣ ਹੋਈ ਕਿ ਵਪਾਰ ਵਿੱਚ ਕਮੀ ਆਉਣ ਦੇ ਡਰ ਤੋਂ ਉਹਨਾਂ ਨੇ ਆਪਣੇ ਲੋੜੀਦੇ ਟੈਸਟ ਨਹੀਂ ਸੀ ਕਰਵਾਏ ਪਰ ਉਹਨਾਂ ਦੇ ਕਾਰੀਗਰ(ਕੁੱਕ) ਲਾਗ ਦੇ ਸ਼ਿਕਾਰ ਸਨ। ਸ਼ਹਿਰ ਵਿੱਚ ਜਦੋਂ ਖ਼ਬਰ ਅੱਗ ਵਾਂਗ ਫੈਲੀ ਤਾਂ ਕਾਰੋਬਾਰ ਤੇ ਠੱਪ ਫਿਰ ਵੀ ਰਿਹਾ।

ਦੂਜੀ ਘਟਨਾ ਵਿੱਚ ਮੇਰੇ ਹੀ ਮੁਹੱਲੇ ਦੇ 52 ਸਾਲਾ ਵਪਾਰੀ ਆਪਣੇ ਪਰਿਵਾਰਕ ਮਿੱਤਰਾਂ ਨਾਲ ਕਿਸੇ ਦੀ ਵਿਆਹ ਵਰ੍ਹੇ ਗੰਢ ਜਿਸਤੇ ਸਿਰਫ ਵਿਆਹੇ ਜੋੜੇ ਹੀ ਸਨ, ਵਿੱਚ ਜਸ਼ਨ ਮਨਾਉਣ ਗਿਆ। ਖ਼ੂਬ ਖਾਧਾ ਪੀਤਾ। ਸਾਰੇ ਦੇ ਸਾਰੇ ਲਾਗ ਦਾ ਸ਼ਿਕਾਰ ਹੋਏ। ਬਾਕੀ ਸਾਰੇ ਤਾਂ ਘਰ ਵਿੱਚ ਇਕਾਂਤਵਾਸ ਅਤੇ ਇਲਾਜ ਨਾਲ ਬਚ ਗਏ। ਪਰ ਉਪਰੋਕਤ ਬਦਕਿਸਮਤ ਆਦਮੀ ਪਹਿਲਾਂ ਘਰੇਲੂ ਓੜ੍ਹ ਪੋੜ੍ਹ ਕਰਦਾ ਰਿਹਾ ਪਰ ਆਖਰੀ ਮੌਕੇ 10ਕੁ ਦਿਨਾਂ ਵਿੱਚ ਹੀ ਜਲੰਧਰ ਦੇ ਵਧੀਆ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਹੋਣ ਦੇ ਬਾਵਜੂਦ ਰੱਬ ਨੂੰ ਪਿਆਰਾ ਹੋ ਗਿਆ। ਸਮਾਜ ਦੀ ਦਸ਼ਾ ਅਤੇ ਦਹਿਸ਼ਤ ਦੀ ਸਿਤਮਜ਼ਰੀਫੀ ਦੇਖੋ, ਕਿ ਉਸਦੇ ਆਪਣੇ ਗੁਆਂਡੀਆਂ ਨੇ ਨਾ ਤਾਂ ਬਿਮਾਰ ਹੋਣ ਵੇਲੇ ਹਾਲ ਚਾਲ ਪੁੱਛਿਆ ਅਤੇ ਨਾ ਹੀ ਮੌਤੋਂ ਬਾਅਦ ਘੱਰਦਿਆਂ ਨਾਲ ਦੁੱਖ ਵੇਲੇ ਸਾਂਝ ਪਾਈ।ਇਹ ਹੈ ਸਾਡਾ ਸਮਾਜਿਕ ਜਿੰਮੇਵਾਰ ਅਤੇ ਸੰਵੇਦਨਸ਼ੀਲਤਾ ਤੋਂ ਖੋਖਲਾ ਭਾਈਚਾਰਾ।

ਆਉ ਜ਼ਰਾ ਕੁੱਝ ਕੁ ਉਹ ਘੱਟੋ ਘੱਟ ਸਾਵਧਾਨੀਆਂ ਵੱਲ ਧਿਆਨ ਕਰੀਏ ਜੋ ਸਾਨੂੰ ਜ਼ਰੂਰ ਨਿੱਜੀ ਅਤੇ ਸਮਾਜਿਕ ਤੌਰ ਤੇ ਲੈਣੀਆਂ ਚਾਹੀਦੀਆਂ ਹਨ। ਸਰਕਾਰੀ ਕਰੋਨਾ ਨੇਮ ਤਾਂ ਸਭ ਨੂੰ ਯਾਦ ਹੀ ਨੇ। ਕੁੱਝ ਹੋਰ।ਪਹਿਲੀ ਜ਼ਰੂਰਤ ਹੈ ਇਸ ਮਹਾਂਮਾਰੀ ਦੀ ਪਹਿਚਾਣ, ਨਿਸ਼ਾਨਦੇਹੀ ,ਬਚਾਅ ਅਤੇ ਇਲਾਜ ਬਾਰੇ ਜਾਨਣ ਦੀ। ਕਰੋਨਾ (ਦੁਸ਼ਮਣ) ਬਾਹਰ ਹੈ,ਘਰ ਅੰਦਰ ਨਹੀਂ ਹੈ, ਅਦਿੱਖ ਹੈ, ਹਵਾ ਵਿੱਚ ਹੈ, ਨਜਦੀਕੀ ਸ਼ਿਕਾਰ ਨੂੰ ਪਕੜਦਾ ਹੈ, ਭੀੜ ਵਿੱਚ ਜ਼ਿਆਦਾ ਰਹਿੰਦਾ ਹੈ, ਸੰਪਰਕ ਸਥਾਨ ਜਿਵੇਂ ਦਰਵਾਜ਼ਿਆਂ ਦੇ ਹੈਂਡਲ,ਦੁਕਾਨਾਂ ਦੇ ਕਾਊਂਟਰ,ਰੈਸਟੋਰੈਂਟਾਂ ਦੇ ਕੱਪ ਪਲੇਟਾਂ, ਬੱਸ ਸਟੈਂਡਾਂ ਜਾਂ ਰੇਲਵੇ ਦੇ ਬੈਂਚ,ਲਿਫ਼ਟਾਂ ਦੇ ਪ੍ਰੈਸ ਬਟਨ,ਲਾਗ ਵਾਲੇ ਬੰਦੇ ਦਾ ਸਰੀਰਕ ਛੋਹ ਅਤੇ ਧੁੱਪ ਵਿੱਚ ਨਾ ਨਿਕਲਣਾ, ਪਾਣੀ ਦੀ ਬੋਤਲ ਅਤੇ ਕੱਪੜਿਆਂ ਦੀ ਸਾਂਝ, ਕਿਸੇ ਹੋਰ ਦੇ ਮੋਬਾਈਲ ਫ਼ੋਨ ਨੂੰ ਵਰਤਣਾ, ਬੈਂਕਾਂ, ਡਾਕਖ਼ਾਨੇ, ਸੰਸਥਾਵਾਂ ਦੇ ਗੇਟ ਤੇ ਐਂਟਰੀ ਵੇਲੇ ਇਸਤੇਮਾਲ ਹੋਣ ਵਾਲੇ ਪੈਨ ਜਾਂ ਪੈਨਸਿਲ ਨੂੰ ਵਰਤਣਾ, ਭੀੜੇ ਸਥਾਨਾਂ ਵਿੱਚ ਜ਼ਿਆਦਾ ਲੋਕਾਂ ਦਾ ਰਹਿਣਾ, ਠੰਡੀਆਂ ਵਸਤੂਆਂ ਦਾ ਜ਼ਿਆਦਾ ਸੇਵਨ ਕਰਨਾ ਅਤੇ ਕਈ ਕੁੱਝ ਹੋਰ। ਇਹਨਾਂ ਸਭ ਖਤਰਿਆਂ ਤੋਂ ਬਚਾਅ ਜ਼ਰੂਰੀ ਹੈ। ਅਸਿੱਧੇ ਤੌਰ ਤੇ ਇੰਜ ਵੀ ਕਹਿ ਲਉ ਕਿ ਜਿਹੜਾ ਕੰਮ ਜਾਂ ਗੱਲ ਬਾਤ ਫ਼ੋਨ ਤੇ ਹੋ ਸਕਦੀ ਹੋਵੇ, ਉਹਦੇ ਲਈ ਘਰੋਂ ਬਾਹਰ ਕਿਉਂ ਨਿਕਲਣਾ?

ਆਪਾਂ ਕਰਨਾ ਕੀ ਹੈ ਜ਼ਰਾ ਇਹ ਵੀ ਨੋਟ ਕਰੀਏ। ਟੀ ਵੀ ਅਤੇ ਫ਼ੋਨ ਤੋਂ ਕਰੋਨਾ ਦੀ ਤਾਜ਼ਾ ਜਾਣਕਾਰੀ ਹਮੇਸ਼ਾ ਰੱਖੋ।ਬਿਨਾ ਕਿਸੇ ਪਰਖੇ ਟੋਟਕੇ ਤੋਂ ਕੋਈ ਦੇਸੀ ਦਵਾਈ ਜਾਂ ਕਾੜ੍ਹੇ ਨਾ ਖਾਉ ਕਿਉਂਕਿ ਹਰ ਇੱਕ ਸਰੀਰ ਦੀ ਪ੍ਰਕਿਰਤੀ ਵੱਖਰੀ ਹੁੰਦੀ ਹੈ। ਘਰ ਵਿੱਚ ਪੈਰਾਸਿਟਾਮੌਲ ਅਤੇ ਡਿਸਪਰਿੰਨ ਦੇ ਇੱਕ ਦੋ ਪੈਕਟ ਜ਼ਰੂਰ ਰੱਖੋ।ਮਲਟੀਵਿਟਾਮਿਨ, ਜਿਵੇਂ ਕਿ ਵਿਟਾਮਿਨ ਸੀ, ਕੈਲਸ਼ੀਅਮ, ਮੈਗਨੀਸ਼ੀਅਮ, ਜ਼ਿੰਕ ਯੁਕਤ ਕੈਪਸੂਲ ਡਾਕਟਰੀ ਸਲਾਹ ਮੁਤਾਬਕ ਜ਼ਰੂਰ ਲਵੋ।ਸੈਰ ਸਹੀ ਤਾਪਮਾਨ ਵੇਲੇ ਹੀ ਕੀਤੀ ਜਾਵੇ।ਪੈਰਾਂ ਅਤੇ ਸਿਰ ਨੂੰ ਠੰਡ ਲੱਗਣ ਤੋਂ ਬਚਾਉ। ਰਾਤ ਵੇਲੇ ਘਰ ਦੀਆਂ ਇੱਕ ਜਾਂ ਦੋ ਖਿੜਕੀਆਂ ਤਾਜ਼ਾ ਆਕਸੀਜਨ ਲਈ ਖੁੱਲੀਆਂ ਰੱਖੋ।

ਹਰੇਕ ਫਲ ਅਤੇ ਸਬਜ਼ੀ ਨੂੰ ਬਜ਼ਾਰੋਂ ਘਰੇ ਲਿਆਕੇ ਗਰਮ ਪਾਣੀ ਵਿੱਚ ਥੋੜ੍ਹਾ ਜਿਹਾ ਨਮਕ ਪਾਕੇ ਧੋ ਲੈਣਾ ਚਾਹੀਦਾ ਹੈ ਤਾਂ ਕਿ ਲਾਗ ਦੇ ਖ਼ਤਰੇ ਤੋਂ ਬਚਿਆ ਜਾਵੇ। ਪਾਣੀ ਹਲਕਾ ਕੋਸਾ ਗਰਮ ਪੀਉ। ਬਜ਼ੁਰਗਾਂ ਦੁਆਰਾ ਹਲਕੀ ਫੁਲਕੀ ਸਰੀਰਕ ਹਿੱਲਜੁਲ ਜ਼ਰੂਰ ਕੀਤੀ ਜਾਵੇ। ਬਿਨਾ ਝਿੱਜਕ ਹਰੇਕ ਮਹਿਮਾਨ ਨੂੰ ਮਾਸਕ ਦੀ ਵਰਤੋਂ ਲਈ ਮਜ਼ਬੂਰ ਕੀਤਾ ਜਾਵੇ।ਜੇਕਰ” ਨੋ ਮਾਸਕ,ਨੋ ਐਂਟਰੀ” ਦੀ ਤੱਖਤੀ ਬਣਾਕੇ ਗੇਟ ਉੱਤੇ ਲਟਕਾਈ ਜਾਵੇ ਤਾਂ ਵੀ ਵਧੀਆ ਹੈ ਭਾਂਵੇ ਕਿ ਪੰਜਾਬੀ ਲੋਕ ਮੂੰਹ ਜ਼ਰੂਰ ਵੱਟਣਗੇ। ਜੇਕਰ ਬਹੁਤ ਜਰੂਰੀ ਕਿਸੇ ਸਮਾਰੋਹ ਵਿੱਚ ਜਾਣਾ ਪਵੇ ਤਾਂ ਘੱਟ ਤੋਂ ਘੱਟ ਸਮੇਂ ਲਈ ਹੀ ਰੁਕਿਆ ਜਾਵੇ ਅਤੇ ਖਾਣੇ ਵਿੱਚ ਗਰਮ ਅਤੇ ਤੰਦੂਰੀ ਰੋਟੀ ਨੂੰ ਪਹਿਲ ਦੇਣੀ ਚਾਹੀਦੀ ਹੈ। ਮਾਸਕ ਜਾਂ ਰੁਮਾਲ ਆਦਿ ਕੱਪੜੇ ਦੀ ਸਫਾਈ ਦਾ ਵੀ ਪੂਰਾ ਖਿਆਲ ਰੱਖੋ। ਕਈ ਦੋਸਤਾਂ ਨੇਕਿਹਾ ਕਿ ਜਲਦੀ ਵਿੱਚ ਜੇਕਰ ਮਾਸਕ ਨੂੰ ਗਰਮ ਪਰੈਸ ਮਾਰ ਲਈ ਜਾਵੇ ਤਾਂ ਬੈਕਟੀਰੀਆ ਮਰ ਜਾਣਗੇ। ਕਦੇ ਲਾਈਨ ਵਿੱਚ ਖੜਾ ਹੋਣਾ ਪੈ ਜਾਵੇ ਤਾਂ ਬਣਦਾ ਫ਼ਾਸਲਾ ਜ਼ਰੂਰ ਰੱਖੋ।

ਸੰਤਰਾ, ਕਿੰਨੂ, ਨਿੰਬੂ, ਅਨਾਨਾਸ, ਮੌਸੱਮੀ ਅਤੇ ਸੇਬ ਆਦਿ ਫਲਾਂ ਦੀ ਵਰਤੋਂ ਜ਼ਿਆਦਾ ਕਰਨੀ ਚਾਹੀਦੀ ਹੈ। ਹੁਣ ਕੁੱਝ ਸੁਭਾਅ ਸੰਬੰਧੀ ਗੱਲਾਂ ਵੀ ਸਮਝ ਲਈਏ। ਕਰੋਨਾ ਵਿੱਚ ਹਾਂ ਪੱਖੀ ਨਜ਼ਰੀਆ ਜ਼ਰੂਰ ਰੱਖਿਆ ਜਾਵੇ।ਬਹੁਤ ਸਾਰੇ ਪਰਿਵਾਰ ਆਰਥਿਕ ਪੱਖੋਂ ਝੰਬੇ ਗਏ ਹਨ। ਇਸ ਸਮੇਂ ਸਬਰ ਸਿਦਕ,ਸਿਰੜ,ਸਾਦਗੀ,ਸਹਿਯੋਗ, ਅਤੇ ਸੰਤੁਲਨ ਬਣਾਈ ਰੱਖਣਾ ਬੇਹੱਦ ਜ਼ਰੂਰੀ ਹੈ। ਕਰਜ਼ੇ ਲੈਕੇ ਵਿਲਾਸਤਾ ਦੀਆਂ ਵਸਤਾਂ ਨਹੀਂ ਖਰੀਦਣੀਆਂ ਚਾਹੀਦੀਆਂ। ਢਹਿੰਦੀਆਂ ਕਲ੍ਹਾ ਦੀਆਂ ਗੱਲਾਂ ਕਰਨ ਵਾਲੇ ਲੋਕਾਂ ਦੇ ਸੰਪਰਕ ਤੋਂ ਸੰਕੋਚ ਕਰਨਾ ਚਾਹੀਦਾ ਹੈ। ਉਧਾਰ ਮੰਗਣ ਵਾਲ਼ਿਆਂ ਤੋਂ ਬਚਣ ਦੀ ਸਖ਼ਤ ਜ਼ਰੂਰਤ ਹੈ ਕਿਉਂਕਿ ਇਹਨਾਂ ਹਾਲਤਾਂ ਵਿੱਚ ਪੈਸੇ ਵਾਪਸੀ ਦੀ ਸਮੱਸਿਆ ਹੋਣ ਦੀ ਬਹੁਤ ਸੰਭਾਵਨਾ ਹੈ। ਕਾਮੇਡੀ ਸ਼ੋ ਵਗੈਰਾ ਮਨੋਰੰਜਕ ਪ੍ਰੋਗਰਾਮ ਜ਼ਰੂਰ ਦੇਖਣੇ ਚਾਹੀਦੇ ਨੇ।ਅਖੀਰ ਵਿੱਚ ਮੈਂ ਸਾਰੀਆਂ ਧਿਰਾਂ ਜਿਵੇਂ ਕਿ ਸਮਾਜ, ਸਰਕਾਰ, ਸਥਾਨਕ ਸਥਿਤੀਆਂ ਵਿੱਚ ਯੋਗ ਤਾਲਮੇਲ ਕਰਨ ਦੀ ਸਲਾਹ ਦੇਵਾਂਗਾ ਤਾਂ ਹੀ ਇਸ ਮਹਾਮਾਰੀ ਨੂੰ ਆਪਾਂ ਹਰਾ ਸਕਦੇ ਹਾਂ। ਨਿਰਾਸ਼ਾ ਦੇ ਆਲਮ ਵਿੱਚ ਫਸੇ ਲੋਕਾਂ ਨੂੰ ਨੁੱਕਰੇ ਬਹਿਕੇ ਗੁੰਮ ਸੁੰਮ ਹੋਣ ਦੀ ਬਜਾਏ, ਮਿੱਤਰਾਂ, ਚੰਗੇ ਰਿਸ਼ਤੇਦਾਰਾਂ ਅਤੇ ਸਮਾਜ ਸੇਵੀ ਲੋਕਾਂ ਨਾਲ ਦਿਲ ਖੋਲ੍ਹਣਾ ਚਾਹੀਦਾ ਹੈ। ਕਿਸਾਨ ਅੰਦੋਲਨ ਨੇ ਫਿਜ਼ਾ ਵਿੱਚ ਊਰਜਾ ਭਰੀ ਹੈ। ਨਸ਼ੇੜੀਆਂ ਨੂੰ ਛੱਡਕੇ ਕਿਸੇ ਗਰੀਬ ਦੀ ਮਦਦ ਕਰਨ ਨਾਲ ਮਨ ਨੂੰ ਸਕੂਨ ਮਿਲਦਾ ਹੈ ਅਤੇ ਰੱਬ ਵੀ ਬਖ਼ਸ਼ਿਸ਼ਾਂ ਕਰਦਾ ਹੈ। ਤੁਸੀਂ ਸਾਰੇ ਕਰੋਨਾ ਮੁਕਤ ਜ਼ਿੰਦਗੀ ਮਾਣੋ-ਆਮੀਨ ।