ਕਰੋਨਾ ’ਤੇ ਜਿੱਤ : ਚੰਡੀਗੜ੍ਹ ਦੇ ਦੋ ਮਰੀਜ਼ ਸਿਹਤਮੰਦ

ਚੰਡੀਗੜ੍ਹ (ਸਮਾਜਵੀਕਲੀ) – ਕਰੋਨਾਵਾਇਰਸ ਵਰਗੀ ਮਹਾਂਮਾਰੀ ਦੇ ਦੌਰ ਵਿੱਚੋਂ ਗੁਜ਼ਰ ਰਹੇ ਚੰਡੀਗੜ੍ਹ ਵਾਸੀਆਂ ਲਈ ਵੱਡੀ ਖੁਸ਼ੀ ਵਾਲੀ ਗੱਲ ਹੈ ਕਿ ਸ਼ਹਿਰ ਵਿੱਚ ਦੋ ਹੋਰ ਕਰੋਨਾ ਪਾਜ਼ੇਟਿਵ ਮਰੀਜ਼ ਇਲਾਜ ਮਗਰੋਂ ਸਿਹਤਮੰਦ ਹੋ ਗਏ ਹਨ।

ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਸਿਹਤਮੰਦ ਹੋਏ ਦੋਵੇਂ ਮਰੀਜ਼ਾਂ ਵਿੱਚੋਂ ਇੱਕ ਮਰੀਜ਼ ਸੈਕਟਰ 21 ਨਿਵਾਸੀ ਕਰੋਨਾ ਪਾਜ਼ੇਟਿਵ ਲੜਕੀ ਦਾ ਭਰਾ ਹੈ। ਉਸ ਦੀ ਉਮਰ 25 ਵਰ੍ਹੇ ਹੈ। ਇਸੇ ਦੌਰਾਨ ਦੂਸਰਾ ਮਰੀਜ਼ ਵੀ ਇਸੇ ਲੜਕੀ ਦੇ ਭਰਾ ਦਾ ਦੋਸਤ ਹੈ। ਉਸ ਦੀ ਉਮਰ 23 ਸਾਲ ਹੈ ਤੇ ਉਹ ਸੈਕਟਰ 20 ਦਾ ਵਸਨੀਕ ਹੈ। ਉਹ ਚੰਡੀਗੜ੍ਹ ਪ੍ਰਸ਼ਾਸਨ ਦੇ ਇੱਕ ਸੀਨੀਅਰ ਅਫ਼ਸਰ ਦਾ ਬੇਟਾ ਹੈ।

ਇਨ੍ਹਾਂ ਦੋਵਾਂ ਮਰੀਜ਼ਾਂ ਦੀ ਇਲਾਜ ਮਗਰੋਂ ਇੱਕ ਰਿਪੋਰਟ ਪਹਿਲਾਂ ਵੀ ਨੈਗੇਟਿਵ ਆ ਚੁੱਕੀ ਹੈ ਅਤੇ ਅੱਜ ਦੋਵਾਂ ਦੀ ਸੈਕਿੰਡ ਰਿਪੋਰਟ ਫਿਰ ਤੋਂ ਨੈਗੇਟਿਵ ਆਈ ਹੈ। ਇਸ ਉਪਰੰਤ ਇਨ੍ਹਾਂ ਦੋਵੇਂ ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ। ਇਹ ਦੋਵੇਂ ਵਿਅਕਤੀ ਸਰਕਾਰੀ ਹਸਪਤਾਲ ਸੈਕਟਰ-32 ਵਿਚ ਜ਼ੇਰੇ ਇਲਾਜ ਸਨ। ਚੰਡੀਗੜ੍ਹ ਵਿੱਚ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ 18 ਤੋਂ ਘੱਟ ਕੇ 13 ਰਹਿ ਗਈ ਹੈ।

ਕਰਨਾਲ ਇਲਾਕੇ ਦੇ ਮਰੀਜ਼ ਦੀ ਮੌਤ: ਪੀਜੀਆਈ ਵਿਚ ਇਲਾਜ ਅਧੀਨ ਕਰੋਨਾ ਵਾਇਰਸ ਮਰੀਜ਼ ਦੀ ਅੱਜ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ 58 ਸਾਲਾਂ ਦਾ ਇਹ ਮਰੀਜ਼ ਦੇ ਕਰਨਾਲ ਖੇਤਰ ਦਾ ਵਸਨੀਕ ਸੀ।