ਕਰੋਨਾਵਾਇਰਸ: ਪੀਜੀਆਈ ’ਚ ਛੇ ਸਾਲਾ ਬੱਚੇ ਦੀ ਮੌਤ

ਚੰਡੀਗੜ੍ਹ (ਸਮਾਜਵੀਕਲੀ) : ਪੀਜੀਆਈ ਦੇ ਐਡਵਾਂਸਡ ਪੀਡੀਐਟ੍ਰਿਕ ਸੈਂਟਰ ਵਿੱਚ ਜ਼ੇਰੇ ਇਲਾਜ ਇੱਕ ਛੇ ਸਾਲਾ ਬੱਚੇ ਆਸ਼ੀਸ਼ ਦੀ ਮੌਤ ਹੋ ਗਈ। ਇਸ ਬੱਚੇ ਦੀ ਰਿਪੋਰਟ ਕਰੋਨਾਵਾਇਰਸ ਪਾਜ਼ੇਟਿਵ ਵੀ ਆਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਛੇ ਸਾਲਾ ਬੱਚਾ ਲੁਧਿਆਣਾ ਦੇ ਹੈਬੋਵਾਲ ਖੇਤਰ ਦਾ ਰਹਿਣ ਵਾਲਾ ਸੀ। ਉਸ ਨੂੰ ਜਿਗਰ ਵਿੱਚ ਖਰਾਬੀ ਹੋਣ ਕਾਰਨ 15 ਮਈ ਨੂੰ ਪੀਜੀਆਈ ਵਿੱਚ ਦਾਖ਼ਲ ਕਰਵਾਇਆ ਗਿਆ ਸੀ।

ਉਸ ਦਾ ਪੀਜੀਆਈ ਦੇ ਐਡਵਾਂਸਡ ਪੀਡੀਐਟ੍ਰਿਕ ਸੈਂਟਰ ਵਿੱਚ ਇਲਾਜ ਚੱਲ ਰਿਹਾ ਸੀ ਅਤੇ ਲੰਘੇ ਦਿਨ ਉਸ ਦੀ ਮੌਤ ਹੋ ਗਈ। ਡਾਕਟਰਾਂ ਮੁਤਾਬਕ ਬੱਚੇ ਦੀ ਮੌਤ ਜਿਗਰ ਫੇਲ੍ਹ ਹੋਣ ਤੇ ਸਾਹ ਨਾ ਆਉਣ ਆਦਿ ਕਾਰਨਾਂ ਕਰ ਕੇ ਹੋਈ ਹੈ ਪ੍ਰੰਤੂ ਉਹ ਕਰੋਨਾਵਾਇਰਸ ਪਾਜ਼ੇਟਿਵ ਵੀ ਸੀ। ਉਕਤ ਬੱਚੇ ਆਸ਼ੀਸ਼ ਦੇ ਨਾਲ ਹਸਪਤਾਲ ਵਿੱਚ ਇੱਕ ਹੋਰ ਛੇ ਸਾਲਾ ਬੱਚਾ ਦਾਖ਼ਲ ਸੀ ਜੋ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦਾ ਵਸਨੀਕ ਹੈ। ਉਸ ਬੱਚੇ ਦੇ ਵੀ ਕਰੋਨਾਵਾਇਰਸ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋ ਗਈ ਹੈ।

ਨਹਿਰੂ ਹਸਪਤਾਲ ਐਕਸਟੈਂਸ਼ਨ ਵਿੱਚ ਇਲਾਜ ਅਧੀਨ ਇਸ ਬੱਚੇ ਦੇ ਨਾਲ ਉਸ ਦੀ ਮਾਤਾ ਰਹਿ ਰਹੀ ਹੈ, ਇਸ ਕਰ ਕੇ ਉਸ ਦੇ ਸੈਂਪਲ ਵੀ ਲਏ ਗਏ ਹਨ। ਜਿਵੇਂ ਹੀ ਇਸ ਬੱਚੇ ਨੂੰ ਕਰੋਨਾਵਾਇਰਸ ਹੋਣ ਦੀ ਪੁਸ਼ਟੀ ਹੋਈ ਤਾਂ ਤੁਰੰਤ ਉਸ ਬੱਚੇ ਨੂੰ ਵੀ ਨਹਿਰੂ ਹਸਪਤਾਲ ਐਕਸਟੈਂਸ਼ਨ ਦੇ ਆਈਸੋਲੇਸ਼ਨ ਵਾਰਡ ਵਿੱਚ ਤਬਦੀਲ ਕਰ ਦਿੱਤਾ ਗਿਆ ਅਤੇ ਉਸ ਦੀ ਪੂਰੀ ਦੇਖਭਾਲ ਕੀਤੀ ਜਾ ਰਹੀ ਹੈ।

ਪੀਜੀਆਈ ਦੇ ਕੋਵਿਡ-19 ਹਸਪਤਾਲ ਵਿੱਚ ਇਸ ਵੇਲੇ ਕੁੱਲ 81 ਮਰੀਜ਼ ਦਾਖ਼ਲ ਹਨ ਜਿਨ੍ਹਾਂ ਵਿੱਚੋਂ ਇੱਕ ਮਰੀਜ਼ ਨਹਿਰੂ ਹਸਪਤਾਲ ਐਕਸਟੈਂਸ਼ਨ ਦੇ ਆਈਸੀਯੂ ਵਿੱਚ ਦਾਖ਼ਲ ਹੈ। ਪੀਜੀਆਈ ਪ੍ਰਬੰਧਨ ਨੇ ਕਰੋਨਾਵਾਇਰਸ ਪੀੜਤ ਬੱਚੇ ਆਸ਼ੀਸ਼ ਦੀ ਮੌਤ ਹੋਣ ਤੋਂ ਬਾਅਦ ਉਸ ਦਾ ਇਲਾਜ ਕਰਨ ਵਾਲੇ ਜੂਨੀਅਰ ਰੈਜ਼ੀਡੈਂਟ ਤੇ ਸਹਾਰਨਪੁਰ ਵਾਸੀ ਬੱਚੇ ਦਾ ਇਲਾਜ ਕਰਨ ਵਾਲੇ ਬੱਚਿਆਂ ਦੇ ਮਾਹਿਰ ਦੋ ਸੀਨੀਅਰ ਰੈਜ਼ੀਡੈਂਟ ਡਾਕਟਰਾਂ ਨੂੰ ਵੀ ਇਕਾਂਤਵਾਸ ਕਰ ਦਿੱਤਾ ਹੈ।