ਕਰਨਾਟਕ ਵਿੱਚ ਸਿਆਸੀ ਸੰਕਟ ਕਾਂਗਰਸ ਦਾ ਅੰਦਰੂਨੀ ਮਾਮਲਾ: ਨੱਢਾ

ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜੇ.ਪੀ. ਨੱਢਾ ਨੇ ਅੱਜ ਇੱਥੇ ਕਿਹਾ ਕਿ ਕਰਨਾਟਕ ਵਿੱਚ ਸਿਆਸੀ ਸੰਕਟ ਰਾਹੁਲ ਗਾਂਧੀ ਵੱਲੋਂ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਕਾਰਨ ਪੈਦਾ ਹੋਇਆ ਹੈ। ਇਸ ਦੌਰਾਨ ਉਨ੍ਹਾਂ ਭਾਜਪਾ ਉੱਤੇ ਲੱਗ ਰਹੇ ਵਿਧਾਇਕਾਂ ਦੀ ਖ਼ਰੀਦ-ਫ਼ਰੋਖ਼ਤ ਦੇ ਦੋਸ਼ਾਂ ਨੂੰ ਵੀ ਮੁੱਢੋਂ ਰੱਦ ਕੀਤਾ। ਸ੍ਰੀ ਨੱਢਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਇਕ ਨਵਾਂ ਸਿਆਸੀ ਸੱਭਿਆਚਾਰ ਉੱਭਰਿਆ ਹੈ ਅਤੇ ਵੋਟ ਬੈਂਕ ਤੇ ਪਰਿਵਾਰਵਾਦ ਦੀ ਰਾਜਨੀਤੀ ਦਾ ਵਿਰੋਧ ਕਰਨ ਵਾਲਿਆਂ ਦਾ ਭਾਜਪਾ ਵਿੱਚ ਸਵਾਗਤ ਹੈ। ਕਰਨਾਟਕ ਵਿੱਚ ਕਾਂਗਰਸ-ਜਨਤਾ ਦਲ (ਐੱਸ) ਗੱਠਜੋੜ ਸਰਕਾਰ ਨੇ ਭਾਜਪਾ ਉੱਤੇ ਵਿਧਾਇਕਾਂ ਦੀ ਖ਼ਰੀਦ-ਫ਼ਰੋਖ਼ਤ ਦੇ ਦੋਸ਼ ਲਗਾਏ ਹਨ। ਕਰਨਾਟਕ ਵਿੱਚ ਸੱਤਾਧਾਰੀ ਗੱਠਜੋੜ ਦੇ ਕਈ ਵਿਧਾਇਕਾਂ ਨੇ ਵਿਧਾਨ ਸਭਾ ਦੀ ਮੈਂਬਰੀ ਤੋਂ ਅਸਤੀਫ਼ੇ ਦੇ ਦਿੱਤੇ ਹਨ। ਇਸ ਸਬੰਧ ਵਿੱਚ ਨੱਢਾ ਨੇ ਕਿਹਾ ਕਿ ਭਾਜਪਾ ਉੱਤੇ ਵਿਧਾਇਕਾਂ ਦੀ ਖ਼ਰੀਦ-ਫ਼ਰੋਖ਼ਤ ਦੇ ਦੋਸ਼ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਕਰਨਾਟਕ ਵਿੱਚ ਸਿਆਸੀ ਸੰਕਟ ਕਾਂਗਰਸ ਦਾ ਅੰਦਰੂਨੀ ਮਾਮਲਾ ਹੈ। ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਹਨ ਜਦੋਂਕਿ ਹੋਰ ਆਗੂ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸੁਪਰੀਮ ਕੋਰਟ ਵਿੱਚ ਵਿਚਾਰਅਧੀਨ ਹੈ।ਇਹ ਪੁੱਛੇ ਜਾਣ ਉੱਤੇ ਕਿ ਅਜਿਹੀਆਂ ਕਾਰਵਾਈਆਂ ਦੇਸ਼ ਨੂੰ ਕਾਂਗਰਸ ਮੁਕਤ ਭਾਰਤ ਵੱਲ ਲੈ ਕੇ ਜਾਣਗੀਆਂ, ਉੱਤੇ ਸ੍ਰੀ ਨੱਢਾ ਨੇ ਕਿਹਾ ਕਿ ਕਾਂਗਰਸ ਮੁਕਤ ਭਾਰਤ ਦਾ ਮਤਲਬ ਕਾਂਗਰਸ ਦੇ ਸੱਭਿਆਚਾਰ, ਇਸ ਦੇ ਭ੍ਰਿਸ਼ਟਾਚਾਰ ਅਤੇ ਪਾਰਟੀ ਦੀਆਂ ਸਵਾਰਥੀ ਨੀਤੀਆਂ ਦਾ ਅੰਤ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਇਕ ਨਵਾਂ ਸਭਿਆਚਾਰ ਉੱਭਰਿਆ ਹੈ, ਜਿਸ ਦੀ ਜਨਤਾ ਵੱਲੋਂ ਸ਼ਲਾਘਾ ਤੇ ਸਮਰਥਨ ਕੀਤਾ ਜਾ ਰਿਹਾ ਹੈ। ਲੋਕਾਂ ਨੇ ਵੋਟ ਬੈਂਕ ਤੇ ਪਰਿਵਾਰਵਾਦ ਦੀ ਰਾਜਨੀਤੀ ਨੂੰ ਰੱਦ ਕਰ ਕੇ ਵਿਕਾਸ ਦੀਆਂ ਨੀਤੀਆਂ ਨੂੰ ਅਪਣਾਇਆ ਹੈ।