ਕਰਨਾਟਕ: ਨਾਗਰਾਜ ਨੂੰ ਮਨਾਉਣ ’ਚ ਕਾਂਗਰਸ ਨਾਕਾਮ

ਕਰਨਾਟਕ ਵਿੱਚ ਕਾਂਗਰਸੀ ਵਿਧਾਇਕ ਐੱਮਟੀਬੀ ਨਾਗਰਾਜ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਨਾਕਾਮ ਰਹਿਣ ਤੋਂ ਬਾਅਦ ਉਹ ਮੁੰਬਈ ਲਈ ਰਵਾਨਾ ਹੋ ਗਏ। ਕਾਂਗਰਸੀ ਆਗੂਆਂ ਨੇ ਭਰੋਸਾ ਪ੍ਰਗਟਾਇਆ ਕਿ ਨਾਗਰਾਜ ਇਕ ਹੋਰ ਨਾਰਾਜ਼ ਵਿਧਾਇਕ ਨੂੰ ਮਨਾਉਣ ਲਈ ਮੁੰਬਈ ਗਏ ਹਨ ਪਰ ਕਾਂਗਰਸੀਆਂ ਦੀਆਂ ਆਸਾਂ ਦੇ ਉਲਟ ਮੁੰਬਈ ਪਹੁੰਚ ਕੇ ਸ੍ਰੀ ਨਾਗਰਾਜ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਅਸਤੀਫ਼ਾ ਵਾਪਸ ਲੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸੇ ਦੌਰਾਨ ਕਾਂਗਰਸੀ ਆਗੂ ਐੱਚ.ਕੇ. ਪਾਟਿਲ ਤੇ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਈਸ਼ਵਰ ਖਾਂਦਰੇ ਨੇ ਇਕ ਹੋਰ ਬਾਗੀ ਵਿਧਾਇਕ ਰਾਮਾਲਿੰਗਾ ਰੈੱਡੀ ਨੂੰ ਮਨਾਉਣ ਲਈ ਉਸ ਨਾਲ ਕਰੀਬ ਦੋ ਘੰਟੇ ਮੀਟਿੰਗ ਕੀਤੀ। ਇਸ ਤੋਂ ਪਹਿਲਾਂ ਕਾਂਗਰਸ-ਜਨਤਾ ਦਲ (ਐੱਸ) ਗੱਠਜੋੜ ਦੇ ਆਗੂਆਂ ਨੇ ਸ਼ਨਿਚਰਵਾਰ ਨੂੰ ਸ੍ਰੀ ਨਾਗਰਾਜ ਨਾਲ ਗੱਲਬਾਤ ਕੀਤੀ ਸੀ ਤਾਂ ਜੋ 13 ਮਹੀਨੇ ਪੁਰਾਣੀ ਮੁੱਖ ਮੰਤਰੀ ਐੱਚ.ਡੀ. ਕੁਮਾਰਸਵਾਮੀ ਦੀ ਅਗਵਾਈ ਹੇਠਲੀ ਗੱਠਜੋੜ ਸਰਕਾਰ ਨੂੰ ਬਚਾਇਆ ਜਾ ਸਕੇ। ਕਾਂਗਰਸੀ ਆਗੂਆਂ ਅਨੁਸਾਰ ਸੁਧਾਕਰ ਨੂੰ ਮਨਾ ਕੇ ਲਿਆਉਣ ਦੀ ਕੋਸ਼ਿਸ਼ ਵਿੱਚ ਨਾਗਰਾਜ ਮੁੰਬਈ ਗਿਆ ਸੀ। ਨਾਗਰਾਜ ਦੇ ਜਹਾਜ਼ ਵਿੱਚ ਚੜ੍ਹਨ ਦੀਆਂ ਤਸਵੀਰਾਂ ਵੀ ਲੋਕਲ ਨਿਊਜ਼ ਚੈਨਲਾਂ ’ਤੇ ਦਿਖਾਈਆਂ ਗਈਆਂ ਸਨ। ਮੁੰਬਈ ਲਈ ਰਵਾਨਾ ਹੋਣ ਤੋਂ ਪਹਿਲਾਂ ਨਾਗਰਾਜ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਸੁਧਾਕਰ ਨੇ ਮੋਬਾਈਲ ਫੋਨ ਬੰਦ ਕੀਤਾ ਹੋਇਆ ਹੈ ਅਤੇ ਪਿਛਲੇ ਦੋ ਦਿਨਾਂ ਤੋਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਉਹ ਸੁਧਾਕਰ ਨੂੰ ਮਨਾ ਕੇ ਵਾਪਸ ਲਿਆਉਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੋਹਾਂ ਨੇ ਅਸਤੀਫ਼ੇ ਇਕੱਠੇ ਹੀ ਦਿੱਤੇ ਸਨ, ਇਸ ਵਾਸਤੇ ਉਹ ਇਕਜੁੱਟ ਰਹਿਣਾ ਚਾਹੁੰਦੇ ਹਨ। ਉਨ੍ਹਾਂ ਨੇ ਇਸ ਬਾਰੇ ਕਾਂਗਰਸੀ ਆਗੂਆਂ ਨੂੰ ਸੂਚਿਤ ਕਰ ਦਿੱਤਾ ਹੈ। ਅਜੇ ਵੀ ਕਾਂਗਰਸ ਵਿੱਚ ਹੋਣ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਐੱਚ.ਡੀ. ਕੁਮਾਰਸਵਾਮੀ ਅਤੇ ਕਾਂਗਰਸ ਵਿਧਾਇਕ ਦਲ ਦੇ ਨੇਤਾ ਸਿੱਧਾਰਮਈਆ ਨੇ ਉਨ੍ਹਾਂ ਨੂੰ ਅਸਤੀਫ਼ਾ ਵਾਪਸ ਲੈਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਉਹ ਵੀ ਇਹੀ ਕੋਸ਼ਿਸ਼ ਕਰ ਰਹੇ ਹਨ ਪਰ ਉਸ ਤੋਂ ਪਹਿਲਾਂ ਉਨ੍ਹਾਂ ਨੂੰ ਸੁਧਾਕਰ ਨੂੰ ਮਿਲਣਾ ਪਵੇਗਾ, ਕਿਉਂਕਿ ਉਹ ਚਾਹੁੰਦੇ ਹਨ ਕਿ ਉਹ ਦੋਵੇਂ ਇਕੱਠੇ ਅਸਤੀਫ਼ਾ ਵਾਪਸ ਲੈਣ। ਇਹ ਪੁੱਛੇ ਜਾਣ ’ਤੇ ਕਿ ਜੇਕਰ ਅਸਤੀਫ਼ਾ ਵਾਪਸ ਲੈਣ ਲਈ ਰਾਜ਼ੀ ਨਾ ਹੋਏ, ’ਤੇ ਨਾਗਰਾਜ ਨੇ ਕਿਹਾ ਕਿ ਉਹ ਇਸ ਬਾਰੇ ਸੋਚਣਗੇ ਅਤੇ ਫਿਰ ਫ਼ੈਸਲਾ ਲੈਣਗੇ। ਇਸ ਮੌਕੇ ਉਨ੍ਹਾਂ ਨਾਲ ਭਾਜਪਾ ਆਗੂ ਆਰ. ਅਸ਼ੋਕ ਵੀ ਦਿਖਾਈ ਦਿੱਤੇ। ਇਸ ’ਤੇ ਮੰਤਰੀ ਡੀ.ਕੇ. ਸ਼ਿਵਕੁਮਾਰ ਸਣੇ ਕਈ ਸੀਨੀਅਰ ਕਾਂਗਰਸੀ ਆਗੂਆਂ ਨੇ ਦੋਸ਼ ਲਗਾਇਆ ਕਿ ਇਸ ਸਭ ਪਿੱਛੇ ਭਾਜਪਾ ਦਾ ਹੱਥ ਹੈ। ਜਦੋਂਕਿ ਬਾਅਦ ਵਿੱਚ ਵਿਧਾਇਕ ਨਾਗਰਾਜ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕੀਤਾ। ਉਪਰੰਤ ਮੁੱਖ ਮੰਤਰੀ ਐੱਚ.ਡੀ. ਕੁਮਾਰਸਵਾਮੀ ਆਪਣੇ ਪਿਤਾ ਅਤੇ ਜਨਤਾ ਦਲ (ਐੱਸ) ਦੇ ਮੁਖੀ ਐੱਚ.ਡੀ. ਦੇਵਗੌੜਾ ਦੇ ਘਰ ਪਹੁੰਚੇ ਅਤੇ ਗੱਲਬਾਤ ਕੀਤੀ।ਇਸੇ ਦੌਰਾਨ ਇੱਥੋਂ ਦੇ ਇਕ ਹੋਟਲ ਵਿੱਚ ਵੀ ਕਾਂਗਰਸੀ ਖੇਮੇ ਦੀ ਮੀਟਿੰਗ ਚੱਲਦੀ ਰਹੀ ਜਿੱਥੇ ਕਾਂਗਰਸ ਵਿਧਾਇਕ ਦਲ ਦੇ ਨੇਤਾ ਸਿੱਧਾਰਮਈਆ ਦੀ ਅਗਵਾਈ ਹੇਠ ਸਾਰੇ ਪਾਰਟੀ ਵਿਧਾਇਕ ਪਹੁੰਚੇ ਹੋਏ ਸਨ। ਉਸ ਤੋਂ ਬਾਅਦ ਸ੍ਰੀ ਕੁਮਾਰਸਵਾਮੀ, ਮੰਤਰੀ ਡੀ.ਕੇ. ਸ਼ਿਵਕੁਮਾਰ, ਕਾਂਗਰਸ ਦਲ ਦੇ ਨੇਤਾ ਸਿੱਧਾਰਮਈਆ, ਕਾਂਗਰਸ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦਿਨੇਸ਼ ਗੁੰਡੂ ਰਾਏ ਅਤੇ ਮੱਲਿਕਾਰਜੁਨ ਖੜਗੇ ਸਣੇ ਦੋਵਾਂ ਪਾਰਟੀਆਂ ਦੇ ਆਗੂਆਂ ਨੇ ਗੱਲਬਾਤ ਕੀਤੀ।ਮੀਟਿੰਗ ਤੋਂ ਪਹਿਲਾਂ ਕੁਮਾਰਸਵਾਮੀ ਅਤੇ ਸ਼ਿਵਕੁਮਾਰ ਕਾਂਗਰਸੀ ਵਿਧਾਇਕ ਨਾਗੇਂਦਰ ਨੂੰ ਮਿਲੇ ਜੋ ਕਿ ਇੱਥੋਂ ਦੇ ਇਕ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਇਸੇ ਦੌਰਾਨ ਕਾਂਗਰਸੀ ਵਿਧਾਇਕ ਅਤੇ ਸਾਬਕਾ ਮੰਤਰੀ ਐੱਚ.ਕੇ. ਪਾਟਿਲ ਨੇ ਕਿਹਾ ਕਿ ਨਾਗਰਾਜ ਨੂੰ ਜ਼ਰੂਰ ਸੁਧਾਕਰ ਦੇ ਮੁੰਬਈ ਵਿੱਚ ਹੋਣ ਦੀ ਖ਼ਬਰ ਮਿਲੀ ਹੋਵੇਗੀ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਸੁਧਾਕਰ ਨੂੰ ਮਨਾ ਕੇ ਵਾਪਸ ਲਿਆਉਣ ਲਈ ਨਾਗਰਾਜ ਮੁੰਬਈ ਗਏ ਹਨ। ਗਡਾਗ ਤੋਂ ਕਾਂਗਰਸੀ ਵਿਧਾਇਕ ਪਾਟਿਲ ਇਕ ਹੋਰ ਬਾਗੀ ਕਾਂਗਰਸੀ ਵਿਧਾਇਕ ਰਾਮਾਲਿੰਗਾ ਰੈੱਡੀ ਦੇ ਘਰ ਬਾਹਰ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਰਾਮਾਲਿੰਗਾ ਰੈੱਡੀ ਨੂੰ ਅਸਤੀਫ਼ਾ ਵਾਪਸ ਲੈ ਕੇ ਪਾਰਟੀ ਵਿੱਚ ਹੀ ਰਹਿਣ ਦੀ ਅਪੀਲ ਕੀਤੀ ਹੈ। ਇਸ ਦੌਰਾਨ ਰਾਮਾਲਿੰਗਾ ਰੈੱਡੀ ਨੇ ਕਿਹਾ ਕਿ ਉਹ ਸੋਮਵਾਰ ਨੂੰ ਵਿਧਾਨ ਸਭਾ ਸਪੀਕਰ ਨੂੰ ਮਿਲਣ ਤੋਂ ਪਹਿਲਾਂ ਕੁਝ ਨਹੀਂ ਕਹਿਣਗੇ। ਕਾਂਗਰਸੀ ਆਗੂਆਂ ਦਾ ਮੰਨਣਾ ਹੈ ਕਿ ਜੇਕਰ ਰੈੱਡੀ ਅਸਤੀਫ਼ਾ ਵਾਪਸ ਲੈ ਲੈਂਦਾ ਹੈ ਤਾਂ ਉਸ ਦੇ ਪਿੱਛੇ ਤਿੰਨ ਹੋਰ ਕਾਂਗਰਸੀ ਵਿਧਾਇਕ ਐੱਸ.ਟੀ. ਸੋਮਸ਼ੇਖਰ, ਮੁਨੀਰਤਨਾ ਅਤੇ ਬੀ ਬਸਾਵਰਾਜ ਵੀ ਪਾਰਟੀ ਵਿੱਚ ਪਰਤ ਆਉਣਗੇ। ਰੈੱਡੀ ਨੂੰ ਪਹਿਲਾਂ ਕਾਂਗਰਸੀ ਆਗੂ ਐੱਚ.ਕੇ. ਪਾਟਿਲ ਤੇ ਈਸ਼ਵਰ ਖਾਂਦੜੇ ਮਿਲੇ। ਉਸ ਤੋਂ ਬਾਅਦ ਸੀਨੀਅਰ ਕਾਂਗਰਸੀ ਆਗੂ ਸਿੱਧਾਰਮਈਆ, ਰਾਓ ਸ਼ਿਵ ਕੁਮਾਰ, ਖੜਗੇ, ਉਪ ਮੁੱਖ ਮੰਤਰੀ ਜੀ ਪਰਮੇਸ਼ਵਰ, ਕੁੱਲ ਹਿੰਦ ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਵੀ ਰੈੱਡੀ ਦੇ ਘਰ ਪਹੁੰਚੇ ਅਤੇ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਪਹਿਲਾਂ ਸ੍ਰੀ ਪਾਟਿਲ ਤੇ ਸ੍ਰੀ ਖਾਂਦਰੇ ਨੇ ਦਾਅਵਾ ਕੀਤਾ ਸੀ ਕਿ ਨਾਗਰਾਜ ਨੇ ਨਾ ਸਿਰਫ਼ ਕਾਂਗਰਸ ਪਾਰਟੀ ਵਿੱਚ ਰਹਿਣ ਦਾ ਵਾਅਦਾ ਕੀਤਾ ਹੈ ਬਲਕਿ ਆਪਣੇ ਖ਼ਾਸ ਦੋਸਤ ਸੁਧਾਕਰ ਨੂੰ ਮਨਾ ਕੇ ਪਾਰਟੀ ਵਿੱਚ ਵਾਪਸ ਲਿਆਉਣ ਦੀ ਹਾਮੀ ਵੀ ਭਰੀ ਹੈ। ਪਾਟਿਲ ਤੇ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਈਸ਼ਵਰ ਖਾਂਦੜੇ ਨੂੰ ਰੈੱਡੀ ਨੂੰ ਅਸਤੀਫ਼ਾ ਵਾਪਸ ਲੈਣ ਲਈ ਮਨਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉੱਧਰ, ਬਾਗੀ ਵਿਧਾਇਕ ਐੱਸ.ਟੀ. ਸੋਮਸ਼ੇਖਰ ਨੇ ਕਿਹਾ ਕਿ ਕਾਂਗਰਸੀ ਆਗੂਆਂ ਦੇ ਸਾਰੇ ਦਾਅਵੇ ਝੂਠੇ ਹਨ ਕਿਉਂਕਿ ਨਾਗਰਾਜ ਹੁਣ ਉਨ੍ਹਾਂ ਵਿੱਚ ਪਹੁੰਚ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੁੰਬਈ ਵਿੱਚ ਇਸ ਵੇਲੇ 12 ਬਾਗੀ ਵਿਧਾਇਕ ਹਨ ਜੋ ਇਕਜੁੱਟ ਹਨ। ਉਨ੍ਹਾਂ ਕਿਹਾ ਕਿ ਸੁਧਾਕਰ ਇਸ ਵੇਲੇ ਦਿੱਲੀ ਵਿੱਚ ਹਨ ਅਤੇ ਜਲਦੀ ਹੀ ਉਨ੍ਹਾਂ ਵਿੱਚ ਪਹੁੰਚਣਗੇ। ਕਾਂਗਰਸੀ ਮੰਤਰੀ ਸ਼ਿਵਕੁਮਾਰ ਦੇ ਬਿਆਨ ਕਿ ਉਸ ਦੇ ਮੁੰਬਈ ਪਹੁੰਚਣ ਪਿੱਛੇ ਭਾਜਪਾ ਦਾ ਹੱਥ ਹੈ, ਬਾਰੇ ਨਾਗਰਾਜ ਨੇ ਕਿਹਾ ਕਿ ਇਹ ਸਾਰੇ ਦੋਸ਼ ਬੇਬੁਨਿਆਦ ਹਨ। ਨਾਗਰਾਜ ਉਨ੍ਹਾਂ ਪੰਜ ਕਾਂਗਰਸੀ ਵਿਧਾਇਕਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਨੇ ਅਸਤੀਫ਼ਾ ਮਨਜ਼ੂਰ ਨਾ ਕੀਤੇ ਜਾਣ ’ਤੇ ਸ਼ਨਿਚਰਵਾਰ ਨੂੰ ਵਿਧਾਨ ਸਭਾ ਸਪੀਕਰ ਖ਼ਿਲਾਫ਼ ਸੁਪਰੀਮ ਕੋਰਟ ’ਚ ਪਹੁੰਚ ਕੀਤੀ ਸੀ। ਵਿਧਾਇਕਾਂ ਆਨੰਦ ਸਿੰਘ, ਕੇ ਸੁਧਾਕਰ, ਐੱਨ ਨਾਗਰਾਜ (ਐੱਮਟੀਬੀ), ਮੁਨੀਰਤਨਾ ਅਤੇ ਰੋਸ਼ਨ ਬੇਗ ਨੇ ਪਹਿਲਾਂ ਤੋਂ ਪੈਂਡਿੰਗ ਦਸ ਬਾਗੀ ਵਿਧਾਇਕਾਂ ਦੀਆਂ ਅਰਜ਼ੀਆਂ ਵਾਂਗ ਜਲਦੀ ਤੋਂ ਜਲਦੀ ਅਸਤੀਫ਼ਾ ਮਨਜ਼ੂਰ ਕੀਤੇ ਜਾਣ ਦੀ ਮੰਗ ਕੀਤੀ ਸੀ। ਇਸ ਕੇਸ ’ਤੇ ਸੁਣਵਾਈ ਮੰਗਲਵਾਰ ਨੂੰ ਹੋਣੀ ਹੈ।