ਕਰਤਾਰਪੁਰ ਸਾਹਿਬ ਗੁਰਦੁਆਰੇ ਦਾ ਪ੍ਰਬੰਧ ਗ਼ੈਰ ਸਿੱਖ ਸੰਸਥਾ ਹਵਾਲੇ ਕਰਨਾ ਯੂਐੱਨ ਮਤੇ ਦੀ ਉਲੰਘਣਾ ਕਰਾਰ

ਸੰਯੁਕਤ ਰਾਸ਼ਟਰ (ਸਮਾਜ ਵੀਕਲੀ) : ਭਾਰਤ ਨੇ ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਗੁਰਦੁਆਰੇ ਦਾ ਪ੍ਰਬੰਧ ਪੱਖਪਾਤੀ ਢੰਗ ਨਾਲ ਗ਼ੈਰ ਸਿੱਖ ਸੰਸਥਾ ਹਵਾਲੇ ਕਰਨ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਇਸਲਾਮਾਬਾਦ ਦਾ ਇਹ ਕਦਮ ਸਿੱਖ ਧਰਮ, ਉਸ ਦੀ ਸਾਂਭ-ਸੰਭਾਲ ਅਤੇ ਸੁਰੱਖਿਆ ਖ਼ਿਲਾਫ਼ ਹੋਣ ਦੇ ਨਾਲ ਹੀ ਸੰਯੁਕਤ ਰਾਸ਼ਟਰ ਮਹਾਸਭਾ ਦੇ ਮਤੇ ਦੀ ਉਲੰਘਣਾ ਹੈ। ਨਵੰਬਰ ’ਚ ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਗੁਰਦੁਆਰੇ ਦਾ ਪ੍ਰਬੰਧ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲੈ ਕੇ ‘ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ’ ਦੇ ਪ੍ਰਸ਼ਾਸਕੀ ਕੰਟਰੋਲ ਹਵਾਲੇ ਕਰ ਦਿੱਤਾ ਸੀ ਜੋ ਗ਼ੈਰ-ਸਿੱਖ ਸੰੰਸਥਾ ਹੈ।

ਸੰਯੁਕਤ ਰਾਸ਼ਟਰ ’ਚ ਭਾਰਤੀ ਸਥਾਈ ਮਿਸ਼ਨ ਦੇ ਪ੍ਰਥਮ ਸਕੱਤਰ ਆਸ਼ੀਸ਼ ਸ਼ਰਮਾ ਨੇ ਸੰਯੁਕਤ ਰਾਸ਼ਟਰ ’ਚ ਬੁੱਧਵਾਰ ਨੂੰ ਕਿਹਾ,‘‘ਪਾਕਿਸਤਾਨ ਪਹਿਲਾਂ ਹੀ ਪਿਛਲੇ ਸਾਲ ਇਸ ਸਭਾ ਵੱਲੋਂ ਪਾਸ ‘ਕਲਚਰ ਆਫ਼ ਪੀਸ’ ਦੇ ਮਤਿਆਂ ਦੀ ਉਲੰਘਣਾ ਕਰ ਚੁੱਕਾ ਹੈ। ਪਿਛਲੇ ਮਹੀਨੇ ਪਾਕਿਸਤਾਨ ਨੇ ਪੱਖਪਾਤੀ ਤਰੀਕੇ ਨਾਲ ਸਿੱਖਾਂ ਦੇ ਪਵਿੱਤਰ ਧਾਰਮਿਕ ਅਸਥਾਨ ਕਰਤਾਰਪੁਰ ਸਾਹਿਬ ਗੁਰਦੁਆਰੇ ਦਾ ਪ੍ਰਬੰਧ ਸਿੱਖਾਂ ਤੋਂ ਲੈ ਕੇ ਗ਼ੈਰ ਸਿੱਖ ਸੰਸਥਾ ਦੇ ਕੰਟਰੋਲ ਵਾਲੇ ਪ੍ਰਸ਼ਾਸਨ ਨੂੰ ਸੌਂਪ ਦਿੱਤਾ ਹੈ।’’ ਉਨ੍ਹਾਂ ਕਿਹਾ ਕਿ ਇਹ ਕਾਰਾ ਸਿੱਖ ਧਰਮ, ਇਸ ਦੀ ਸਾਂਭ-ਸੰਭਾਲ ਅਤੇ ਸੁਰੱਖਿਆ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਮਹਾਸਭਾ ’ਚ ਕਰਤਾਰਪੁਰ ਸਾਹਿਬ ਗੁਰਦੁਆਰੇ ਦਾ ਜ਼ਿਕਰ ਦਸੰਬਰ 2019 ਨੂੰ ਹੋਇਆ ਸੀ ਅਤੇ ਪਾਕਿਸਤਾਨ ਨੇ ਇਸ ਮਤੇ ਦੀ ਉਲੰਘਣਾ ਕੀਤੀ ਹੈ। ਯੂਐੱਨਜੀਏ ਨੇ ‘ਸ਼ਾਂਤੀ ਲਈ ਅੰਤਰ ਧਾਰਮਿਕ ਅਤੇ ਅੰਤਰ ਸੱਭਿਆਚਾਰ ਦੇ ਪ੍ਰਚਾਰ, ਸਮਝ ਅਤੇ ਸਹਿਯੋਗ’ ਦੇ ਮਤੇ ਨੂੰ ਪਿਛਲੇ ਸਾਲ ਦਸੰਬਰ ’ਚ ਪਾਸ ਕੀਤਾ ਸੀ। ਇਸ ’ਚ ਕਰਤਾਰਪੁਰ ਸਾਹਿਬ ਲਾਂਘੇ ਨੂੰ ਖੋਲ੍ਹੇ ਜਾਣ ਦਾ ਸਵਾਗਤ ਕੀਤਾ ਗਿਆ ਸੀ। ਭਾਰਤ ਨੇ ਨਵੰਬਰ ’ਚ ਪਾਕਿਸਤਾਨ ਦੇ ਫ਼ੈਸਲੇ ਦੀ ਨਿੰਦਾ ਕਰਦਿਆਂ ਕਿਹਾ ਸੀ ਕਿ ਇਹ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਖ਼ਿਲਾਫ਼ ਹੈ।