ਕਰਤਾਰਪੁਰ ਲਾਂਘਾ: ਪਹਿਲੇ ਜਥੇ ਨੂੰ ਪ੍ਰਧਾਨ ਮੰਤਰੀ ਕਰਨਗੇ ਰਵਾਨਾ: ਹਰਸਿਮਰਤ

ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘੇ ਦੀ ਸ਼ੁਰੂਆਤ ਮੌਕੇ 9 ਨਵੰਬਰ ਨੂੰ ਸਿੱਖ ਸ਼ਰਧਾਲੂਆਂ ਦਾ ਪਹਿਲਾ ਜਥਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਵਾਨਾ ਕੀਤਾ ਜਾਵੇਗਾ। ਇਹ ਖ਼ੁਲਾਸਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੀਤਾ ਹੈ। ਉਹ ਅੱਜ ਇੱਥੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਏ ਸਨ। ਇਸ ਦੌਰਾਨ ਉਨ੍ਹਾਂ ਨੇ ਮਾਝੇ ਦੇ ਅਕਾਲੀ ਵਿਧਾਇਕਾਂ, ਸਾਬਕਾ ਵਿਧਾਇਕਾਂ, ਜ਼ਿਲ੍ਹਾ ਜਥੇਦਾਰਾਂ ਅਤੇ ਹੋਰਨਾਂ ਨਾਲ ਮੀਟਿੰਗ ਕੀਤੀ।
ਮੀਟਿੰਗ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਨੇ ਦੱਸਿਆ ਕਿ ਸਿੱਖ ਸ਼ਰਧਾਲੂਆਂ ਦਾ ਪਹਿਲਾ ਜਥਾ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ 9 ਨਵੰਬਰ ਨੂੰ ਰਵਾਨਾ ਹੋਵੇਗਾ, ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਵਾਨਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਹ ਖ਼ੁਦ ਵੀ ਇਸ ਜਥੇ ਵਿਚ ਸ਼ਾਮਲ ਹੋਣਗੇ। ਉਨ੍ਹਾਂ ਨੇ ਸੁਲਤਾਨਪੁਰ ਲੋਧੀ ਅਤੇ ਡੇਰਾ ਬਾਬਾ ਨਾਨਕ ਵਿਖੇ ਹਸਪਤਾਲ ਅਤੇ ਵਿੱਦਿਅਕ ਅਦਾਰੇ ਸਥਾਪਤ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਅਜਿਹੇ ਵਿਸ਼ੇਸ਼ ਕੰਮ ਕਰਨੇ ਚਾਹੀਦੇ ਹਨ। ਉਨ੍ਹਾਂ ਨੇ 500 ਸਾਲਾ ਸਮਾਗਮਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਸ ਵੇਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਮੇਤ 46 ਵਿੱਦਿਅਕ ਅਦਾਰੇ ਖੋਲ੍ਹੇ ਗਏ ਸਨ।
550 ਸਾਲਾ ਸਮਾਗਮ ਇਕਜੁੱਟਤਾ ਨਾਲ ਮਨਾਉਣ ਦੀ ਗੱਲ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਜਿਹੜੀਆਂ ਧਿਰਾਂ ਵੱਖਰਾ ਪ੍ਰੋਗਰਾਮ ਕਰਵਾਉਣਾ ਚਾਹੁੰਦੀਆਂ ਹਨ, ਸਿੱਖ ਸੰਗਤ ਉਨ੍ਹਾਂ ਦੀ ਪਛਾਣ ਕਰੇ। ਕਾਂਗਰਸ ਵੱਲੋਂ ਵੱਖਰਾ ਮੰਚ ਬਣਾਉਣ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਆਖਿਆ ਕਿ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਆਦੇਸ਼ ਕੀਤਾ ਗਿਆ ਹੈ ਕਿ ਮੁੱਖ ਸਮਾਗਮ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਬੇਰ ਸਾਹਿਬ ਵਿਖੇ ਬਣਾਏ ਮੰਚ ਤੋਂ ਹੀ ਮਨਾਏ ਜਾਣ ਪਰ ਇਸ ਦੇ ਬਾਵਜੂਦ ਕਾਂਗਰਸ ਵੱਲੋਂ ਵੱਖਰਾ ਪੰਡਾਲ ਬਣਾਉਣਾ ਲੋਕਾਂ ਦੇ ਪੈਸੇ ਦੀ ਬਰਬਾਦੀ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਉਨ੍ਹਾਂ ਨੇ ਮਾਝੇ ਦੇ ਅਕਾਲੀ ਆਗੂਆਂ ਨੂੰ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਅਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘੇ ਦੀ ਸ਼ੁਰੂਆਤ ਮੌਕੇ ਡੇਰਾ ਬਾਬਾ ਨਾਨਕ ਵਿਚ ਵੱਡੀ ਗਿਣਤੀ ਸੰਗਤ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਆਖਿਆ। ਮੀਟਿੰਗ ਵਿਚ ਅਕਾਲੀ ਆਗੂਆਂ ਨੂੰ ਪ੍ਰਕਾਸ਼ ਪੁਰਬ ਸਮਾਗਮਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸੇ ਸਬੰਧ ਵਿਚ ਜਲਦੀ ਇਕ ਹੋਰ ਮੀਟਿੰਗ ਵੀ ਕੀਤੀ ਜਾਵੇਗੀ।