ਕਪਾਸਹੇੜਾ ਵਿੱਚ 17 ਹੋਰ ਪਾਜ਼ੇਟਿਵ ਮਿਲੇ

ਨਵੀਂ ਦਿੱਲੀ (ਸਮਾਜਵੀਕਲੀ) – ਕਰੋਨਾਵਾਇਰਸ ਦਾ ਮੁੱਖ ਕਾਰਨ ਲਾਗ ਹੁੰਦੀ ਹੈ ਤੇ ਇਸ ਤੱਥ ਤੋਂ ਬੇਪ੍ਰਵਾਹ ਦਿੱਲੀ ਦੇ ਕਪਾਸਹੇੜਾ ਇਲਾਕੇ ਦੇ ਲੋਕਾਂ ਵਿੱਚੋਂ 17 ਹੋਰ ਮਾਮਲੇ ਉਸੇ ਇਮਾਰਤ ਵਿੱਚੋਂ ਸਾਹਮਣੇ ਆਏ ਹਨ। ਦੱਖਣੀ-ਪੱਛਮੀ ਦਿੱਲੀ ਦੇ ਇਸ ਗੁਰੂਗ੍ਰਾਮ ਨਾਲ ਲੱਗਦੇ ਇਸ ਖੇਤਰ ਵਿੱਚ ਬੀਤੇ ਦਿਨ ਵੀ 41 ਕੋਵਿਡ-19 ਪੀੜਤ ਪਾਏ ਗਏ ਸਨ ਜੋ ਇਕੋ ਇਮਾਰਤ ਵਿੱਚ ਰਹਿੰਦੇ ਸਨ।

ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਦੱਸਿਆ ਗਿਆ ਕਿ 17 ਨਵੇਂ ਮਾਮਲੇ ਠੇਕੇ ਵਾਲੀ ਗਲੀ ਵਿੱਚੋਂ ਨਿਕਲੇ ਹਨ। ਇਸ ਤਰ੍ਹਾਂ 58 ਮਾਮਲੇ ਹੋ ਗਏ ਹਨ। ਇਸ ਇਮਾਰਤ ਵਿੱਚੋਂ 19 ਅਪਰੈਲ ਨੂੰ ਇਕ ਮਾਮਲਾ ਸਾਹਮਣੇ ਆਇਆ ਸੀ ਜਿਸ ਮਗਰੋਂ ਇਹ ਇਮਾਰਤ ਸੀਲ ਕਰ ਦਿੱਤੀ ਗਈ ਸੀ। ਇਲਾਕੇ ਨੂੰ ਵੀ ਸੀਲ ਕੀਤਾ ਗਿਆ। ਦੱਸਿਆ ਗਿਆ ਹੈ ਕਿ ਇਕੋ ਇਮਾਰਤ ਵਿੱਚ ਇਕੋ ਗੁਸਲਖ਼ਾਨਾ ਇਸਤੇਮਾਲ ਕੀਤਾ ਜਾ ਰਿਹਾ ਸੀ।