ਕਣਕ ਦੀ ਖਰੀਦ ਸਬੰਧੀ ਮੜ੍ਹੀਆਂ ਜਾ ਰਹੀਆਂ ਬੇਲੋੜੀਆਂ ਸ਼ਰਤਾਂ ਦੇ ਖਿਲਾਫ ਡੀ.ਸੀ. ਨੂੰ ਸੌਂਪਿਆ ਗਿਆ ਮੰਗ ਪੱਤਰ

ਕੈਪਸ਼ਨ- ਸੁਲਤਾਨਪੁਰਲੋਧੀ ਦੀ ਮਾਰਕਿਟ ਕਮੇਟੀ ਵਿਖੇ ਡੀ.ਸੀ. ਕਪੂਰਥਲਾ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਸੁਲਤਾਨਪੁਰਲੋਧੀ ਦੇ ਆਗੂ ਮੰਗ ਪੱਤਰ ਸੌਂਪਦੇ ਹੋਏ।

ਕਿਸਾਨਾਂ ਦੀ ਫਸਲ ਦੀ ਢੇਰੀ ਆਨ-ਲਾਈਨ ਖਰੀਦ ਕਰਨ ਵਾਲੀ ਬੇਲੋੜੀ ਸ਼ਰਤ ਖਤਮ ਕੀਤੀ ਜਾਵੇ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਸੁਲਤਾਨਪੁਰ ਲੋਧੀ ਦੇ ਜਨਰਲ ਸਕੱਤਰ ਸੁਖਪ੍ਰੀਤ ਸਿੰਘ ਪੱਸਣ ਕਦੀਮ, ਕੋਰ ਕਮੇਟੀ ਮੈਂਬਰ ਸੰਦੀਪਪਾਲ ਸਿੰਘ ਵੱਲੋਂ 5 ਸੂਤਰੀ ਮੰਗ ਪੱਤਰ ਅੱਜ ਡੀ.ਸੀ. ਕਪੂਰਥਲਾ ਸ੍ਰੀ ਮਤੀ ਦੀਪਤੀ ਉੱਪਲ ਨੂੰ ਸੌਂਪਿਆ ਗਿਆ। ਕਿਸਾਨ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਡੀ.ਸੀ. ਕਪੂਰਥਲਾ ਵੱਲੋਂ ਮਾਰਕਿਟ ਕਮੇਟੀ ਸੁਲਤਾਨਪੁਰ ਲੋਧੀ ਵਿਖੇ ਆੜ੍ਹਤੀਆਂ ਨਾਲ ਕਣਕ ਦੀ ਖਰੀਦ ਸਬੰਧੀ ਵਿਸ਼ੇਸ਼ ਮੀਟਿੰਗ ਰੱਖੀ ਗਈ ਹੈ, ਤਾਂ ਉਹਨਾਂ ਦੇ ਧਿਆਨ ਵਿੱਚ ਆਇਆ ਕਿ ਕਣਕ ਦੀ ਖਰੀਦ ਸਬੰਧੀ ਸਰਕਾਰ ਵੱਲੋਂ ਬੇਲੋੜੀਆਂ ਬੰਦਿਸ਼ਾਂ ਲਗਾਈਆਂ ਜਾ ਰਹੀਆਂ ਹਨ ਤਾਂ ਉਹਨਾਂ ਵੱਲੋਂ ਮੌਕੇ ’ਤੇ ਪਹੁੰਚ ਕੇ ਡੀ.ਸੀ. ਕਪੂਰਥਲਾ ਨੂੰ ਮੰਗ ਪੱਤਰ ਸੌਂਪਿਆ ਗਿਆ, ਜਿਸ ਵਿੱਚ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕਿਸਾਨਾਂ ਨੂੰ ਮੰਡੀ ਵਿੱਚ ਕਣਕ ਲਿਆਉਣ ਸਮੇਂ ਪਾਸ ਵਾਲੀ ਸ਼ਰਤ ਖਤਮ ਕੀਤੀ ਜਾਵੇ।

ਕਿਸਾਨਾਂ ਦੀ ਫਸਲ ਦੀ ਢੇਰੀ ਆਨ-ਲਾਈਨ ਖਰੀਦ ਕਰਨ ਵਾਲੀ ਬੇਲੋੜੀ ਸ਼ਰਤ ਖਤਮ ਕੀਤੀ ਜਾਵੇ। ਮੰਡੀ ਬੋਰਡ ਦੀ ਪੋਰਟਲ ’ਤੇ ਆਨ-ਲਾਈਨ ਰਜਿਸਟਰੇਸ਼ਨ ਬੰਦ ਕਰਕੇ ਪਹਿਲਾਂ ਦੀ ਤਰ੍ਹਾਂ ਸਥਾਨਕ ਮਾਰਕਿਟ ਕਮੇਟੀ ਦੇ ਰਜਿਸਟਰ ਵਿੱਚ ਖਰੀਦ ਦਰਜ ਕੀਤੀ ਜਾਵੇ। ਇੱਕ ਕਿਸਾਨ ’ਤੇ ਇੱਕ ਦਿਨ ਵਿੱਚ 65 ਕੁਇੰਟਲ ਖਰੀਦ ਵਾਲੀ ਸ਼ਰਤ ਖਤਮ ਕੀਤੀ ਜਾਵੇ ਤੇ ਬਗੈਰ ਕਿਸੇ ਸ਼ਰਤ ਦੇ ਨਿਰਵਿਘਨ ਫਸਲ ਦੀ ਖਰੀਦ ਕੀਤੀ ਜਾਵੇ। ਘੱਟੋ-ਘੱਟ ਸਮੇਂ ਦੌਰਾਨ ਕਿਸਾਨਾਂ ਦੀ ਫਸਲ ਦੀ ਅਦਾਇਗੀ ਕੀਤੀ ਜਾਵੇ। ਇਸ ਦੇ ਨਾਲ ਹੀ ਕਿਸਾਨ ਆਗੂਆਂ ਨੇ ਪ੍ਰਸਾਸ਼ਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਵੀ ਕਿਸਮ ਦੀ ਮੰਡੀਆਂ ਵਿੱਚ ਕਿਸਾਨਾਂ ਨੂੰ ਸਮੱਸਿਆ ਆਉਂਦੀ ਹੈ ਤਾਂ ਸਬੰਧਤ ਅਦਾਰਿਆਂ ਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਘੇਰਾਓ ਕੀਤਾ ਜਾਵੇਗਾ ਤੇ ਮੰਡੀਆਂ ਵਿੱਚ ਕਿਸਾਨਾਂ ਦੀ ਖੱਜਲਖੁਆਰੀ ਨਹੀਂ ਹੋਣ ਦਿੱਤੀ ਜਾਵੇਗੀ।