ਐੱਸਪੀਐੱਸ ਹਸਪਤਾਲ ਦੀਆਂ ਨਰਸਾਂ ਹੱਕਾਂ ਲਈ ਨਿੱਤਰੀਆਂਐੱਸਪੀਐੱਸ ਹਸਪਤਾਲ ਦੀਆਂ ਨਰਸਾਂ ਹੱਕਾਂ ਲਈ ਨਿੱਤਰੀਆਂ

ਲੁਧਿਆਣਾ (ਸਮਾਜ ਵੀਕਲੀ) : ਇੱਥੋਂ ਦੇ ਸਤਿਗੁਰੂ ਪ੍ਰਤਾਪ ਸਿੰਘ (ਐੱਸਪੀਐੱਸ) ਹਸਪਤਾਲ ਦੀਆਂ ਨਰਸਾਂ ਨੇ ਅੱਜ ਆਪਣੀਆਂ ਮੰਗਾਂ ਸਬੰਧੀ ਹਸਪਤਾਲ ਦੇ ਬਾਹਰ ਧਰਨਾ ਲਾ ਦਿੱਤਾ। ਇਨ੍ਹਾਂ ਨਰਸਾਂ ਨੇ ਹਸਪਤਾਲ ਅਧਿਕਾਰੀਆਂ ’ਤੇ ਦੋ ਸ਼ਿਫਟਾਂ ’ਚ ਡਿਊਟੀ ਕਰਾਉਣ, ਪੂਰੀ ਤਨਖਾਹ, ਸਾਲਾਨਾ ਤਰੱਕੀ ਅਤੇ ਛੁੱਟੀ ਆਦਿ ਨਾ ਦੇਣ ਦੇ ਦੋਸ਼ ਲਾਏ। ਇਸ ਦੌਰਾਨ ਹਸਪਤਾਲ ਵਿਚ ਦਾਖ਼ਲ ਮਰੀਜ਼ਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਸਤਿਗੁਰੂ ਪ੍ਰਤਾਪ ਸਿੰਘ (ਐੱਸਪੀਐੱਸ) ਹਸਪਤਾਲ ਵਿੱਚ ਅੱਜ ਸਥਿਤੀ ਉਸ ਸਮੇਂ ਤਣਾਅ ਵਾਲੀ ਬਣ ਗਈ ਜਦੋਂ ਹਸਪਤਾਲ ਦੀਆਂ ਵੱਡੀ ਗਿਣਤੀ ਨਰਸਾਂ ਨੇ ਆਪਣੀਆਂ ਮੰਗਾਂ ਸਬੰਧੀ ਹਸਪਤਾਲ ਦੇ ਬਾਹਰ ਧਰਨਾ ਲਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਆਗੂ ਨਰਸਾਂ ਨੇ ਕਿਹਾ ਕਿ ਕਰੋਨਾ ਮਹਾਮਾਰੀ ਕਾਰਨ ਉਨ੍ਹਾਂ ਨੂੰ ਕੋਵਿਡ ਆਈਸੀਯੂ ਵਿਚ ਕਈ ਕਈ ਘੰਟੇ ਕੰਮ ਕਰਨਾ ਪੈਂਦਾ ਹੈ। ਉਹ ਆਪਣੀ ਜਾਨ ਜ਼ੋਖ਼ਮ ਵਿਚ ਪਾ ਕੇ ਡਿਊਟੀ ਕਰ ਰਹੀਆਂ ਹਨ, ਇਸ ਦੇ ਬਾਵਜੂਦ ਉਨ੍ਹਾਂ ਨੂੰ ਵਾਧੂ ਸਮੇਂ ਦੇ ਪੈਸੇ ਨਹੀਂ ਮਿਲ ਰਹੇ। ਉਨ੍ਹਾਂ ਨੂੰ ਨਾ ਤਾਂ ਛੁੱਟੀਆਂ ਦਿੱਤੀਆਂ ਜਾ ਰਹੀਆਂ ਅਤੇ ਨਾ ਹੀ ਹੋਰ ਸਹੂਲਤਾਂ।

ਨਰਸਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਸਾਲਾਨਾ ਮਿਲਣ ਵਾਲੀ ਤਰੱਕੀ ਵੀ ਹਸਪਤਾਲ ਪ੍ਰਸ਼ਾਸਨ ਨੇ ਲੰਮੇ ਸਮੇਂ ਤੋਂ ਰੋਕੀ ਹੋਈ ਹੈ। ਇਸ ਸਬੰਧੀ ਉਹ ਕਈ ਵਾਰ ਹਸਪਤਾਲ ਦੇ ਐੱਚਆਰ ਦੇ ਅਧਿਕਾਰੀਆਂ ਨੂੰ ਦੱਸ ਚੁੱਕੀਆਂ ਹਨ ਪਰ ਉਹ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੇ। ਮਜਬੂਰ ਹੋ ਕੇ ਅੱਜ ਉਨ੍ਹਾਂ ਨੂੰ ਹਸਪਤਾਲ ਦੇ ਬਾਹਰ ਧਰਨਾ ਲਾਉਣਾ ਪਿਆ ਹੈ। ਧਰਨੇ ’ਤੇ ਬੈਠੀਆਂ ਨਰਸਾਂ ਦਾ ਕਹਿਣਾ ਸੀ ਕਿ ਜਦੋਂ ਤਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਐੱਚਆਰ ਵਿਭਾਗ ਦੇ ਸਬੰਧਤ ਅਧਿਕਾਰੀ ਨੂੰ ਹਟਾਇਆ ਨਹੀਂ ਜਾਂਦਾ, ਉਦੋਂ ਤਕ ਉਹ ਆਪਣੀ ਡਿਊਟੀ ’ਤੇ ਨਹੀਂ ਜਾਣਗੀਆਂ। ਨਰਸਾਂ ਦਾ ਸਵੇਰੇ 8 ਵਜੇ ਸ਼ੁਰੂ ਹੋਇਆ ਇਹ ਧਰਨਾ ਖ਼ਬਰ ਲਿਖੇ ਜਾਣ ਤਕ ਜਾਰੀ ਸੀ।

ਇਸ ਦੌਰਾਨ ਹਸਪਤਾਲ ਆਪਣੇ ਪਿਤਾ ਦੇ ਇਲਾਜ ਲਈ ਪੁੱਜੀ ਇਕ ਔਰਤ ਨੇ ਦੱਸਿਆ ਕਿ ਉਸ ਦੇ ਪਿਤਾ ਦਾ ਅੱਜ ਡਾਇਲਸਿਸ ਹੋਣਾ ਸੀ ਪਰ ਨਰਸਾਂ ਦੇ ਧਰਨੇ ਕਾਰਨ ਉਸ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਹੁਣ ਡਾਕਟਰਾਂ ਵੱਲੋਂ ਕਿਹਾ ਜਾ ਰਿਹਾ ਕਿ ਉਹ ਕਿਸੇ ਹੋਰ ਹਸਪਤਾਲ ਤੋਂ ਇਲਾਜ ਕਰਵਾ ਲਵੇ।