ਐਂਟਰੀ ਲੈਵਲ ਜਮਾਤਾਂ: ਵਧੇਰੇ ਸੀਟਾਂ ਰਾਖਵੀਆਂ ਹੋਣ ਕਾਰਨ ਆਮ ਵਰਗ ਫ਼ਿਕਰਮੰਦ

ਚੰਡੀਗੜ੍ਹ- ਸ਼ਹਿਰ ਦੇ ਪ੍ਰਾਈਵੇਟ ਸਕੂਲਾਂ ਵਿੱਚ ਸੈਸ਼ਨ 2020-21 ਲਈ ਐਂਟਰੀ ਲੈਵਲ ਜਮਾਤਾਂ ਦੀਆਂ ਸੀਟਾਂ ਆਮ ਵਰਗ ਲਈ ਸੀਮਤ ਹੋਣ ਕਾਰਨ ਆਪਣੇ ਬੱਚਿਆਂ ਨੂੰ ਦਾਖ਼ਲਾ ਦਿਵਾਉਣ ਦੇ ਚਾਹਵਾਨ ਲੋਕ ਫ਼ਿਕਰਮੰਦ ਹਨ। ਇਸ ਵੇਲੇ ਦੋ ਮੋਹਰੀ ਸਕੂਲਾਂ ਦੇ ਡਰਾਅ ਹੋ ਚੁੱਕੇ ਹਨ ਤੇ ਬਾਕੀਆਂ ਦੇ ਆਉਣ ਵਾਲੇ ਦਿਨਾਂ ਵਿੱਚ ਡਰਾਅ ਕੱਢੇ ਜਾਣਗੇ। ਇਸ ਤੋਂ ਇਲਾਵਾ ਚਾਰ ਕਾਨਵੈਂਟ ਸਕੂਲਾਂ ਵੱਲੋਂ ਜ਼ਿਆਦਾਤਰ ਸੀਟਾਂ ਮੈਨੇਜਮੈਂਟ ਕੋਟਾ, ਕ੍ਰਿਸਚੀਅਨ ਕੋਟਾ ਤੇ ਹੋਰਨਾਂ ਲਈ ਰਾਖਵੀਆਂ ਰੱਖੇ ਜਾਣ ਕਾਰਨ ਆਮ ਵਰਗ ਦੇ ਵਿਦਿਆਰਥੀਆਂ ਦਾ ਡਰਾਅ ਵਿੱਚ ਨੰਬਰ ਹੀ ਨਹੀਂ ਆ ਰਿਹਾ। ਅੱਜ ਭਵਨ ਵਿਦਿਆਲਿਆ ਸਕੂਲ, ਸੈਕਟਰ-33 ਵਿਚ ਵੀ ਐਂਟਰੀ ਲੈਵਲ ਜਮਾਤਾਂ ’ਚ ਦਾਖ਼ਲੇ ਲਈ ਡਰਾਅ ਕੱਢਿਆ ਗਿਆ।
ਚਾਰ ਕਾਨਵੈਂਟ ਸਕੂਲਾਂ ਕਾਰਮਲ ਕਾਨਵੈਂਟ ਸੈਕਟਰ-9, ਸੇਂਟ ਜੋਹਨਜ਼ ਸੈਕਟਰ-26, ਸੇਕਰਡ ਹਾਰਟ ਸੈਕਟਰ-26 ਤੇ ਸੇਂਟ ਐਨੀਜ਼ ਸੈਕਟਰ-32 ਦੇ ਸਕੂਲਾਂ ਨੂੰ ਮਾਇਨੌਰਿਟੀ ਦਰਜਾ ਹਾਸਲ ਹੈ ਅਤੇ ਇਹ ਸਕੂਲ ਮਸੀਹੀ ਬੱਚਿਆਂ ਦੇ ਦਾਖਲੇ ਨੂੰ ਯਕੀਨੀ ਬਣਾਉਂਦੇ ਹਨ।
ਇਸ ਤੋਂ ਇਲਾਵਾ ਮੈਨੇਜਮੈਂਟ ਕੋਟਾ, ਸਕੂਲ ਦੇ ਵਿਦਿਆਰਥੀਆਂ ਦੇ ਭੈਣ- ਭਰਾਵਾਂ ਤੇ ਸਟਾਫ਼ ਦਾ ਵੱਖਰਾ ਕੋਟਾ ਹੈ ਜਿਸ ਕਾਰਨ ਆਮ ਵਰਗ ਦੇ ਬੱਚਿਆਂ ਦਾ ਡਰਾਅ ਵਿੱਚ ਨੰਬਰ ਨਹੀਂ ਆ ਰਿਹਾ। ਦੱਸਣਯੋਗ ਹੈ ਕਿ ਸ਼ਹਿਰ ਦੇ ਕਈ ਸਕੂਲਾਂ ਵੱਲੋਂ ਮਾਇਨੌਰਿਟੀ ਦਰਜਾ ਲੈਣ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਉਹ ਆਰਥਿਕ ਪੱਛੜੇ ਵਰਗ ਦੇ ਬੱਚਿਆਂ ਨੂੰ ਦਾਖਲਾ ਨਾ ਦੇ ਸਕਣ। ਸ਼ਹਿਰ ਦੇ ਬਾਕੀ ਸਕੂਲਾਂ ਵਿੱਚ ਵੀ ਰਾਖਵੇਂ ਕੋਟੇ ਹੋਣ ਕਾਰਨ ਆਮ ਵਰਗ ਨੂੰ ਮਾਰ ਪੈ ਰਹੀ ਹੈ। ਅੱਜ ਸ਼ਹਿਰ ਦੇ ਮੋਹਰੀ ਸਕੂਲਾਂ ’ਚੋਂ ਇਕ ਭਵਨ ਵਿਦਿਆਲਾ ਸਕੂਲ, ਸੈਕਟਰ 33 ਵਿੱਚ ਵੀ ਐਂਟਰੀ ਲੈਵਲ ਜਮਾਤਾਂ ਲਈ ਡਰਾਅ ਕੱਢਿਆ ਗਿਆ। ਇਸ ਮੌਕੇ ਸਕੂਲ ਦੇ ਬਾਹਰ ਜਾਮ ਵੀ ਲੱਗਿਆ ਰਿਹਾ।