ਏਅਰ ਇੰਡੀਆ: ਮਹਿਲਾ ਪਾਇਲਟਾਂ ਵਾਲੀ ਉਡਾਣ ਨੇ ਇਤਿਹਾਸ ਸਿਰਜਿਆ

ਬੰਗਲੂਰੂ (ਸਮਾਜ ਵੀਕਲੀ) : ਏਅਰ ਇੰਡੀਆ ਦੇ ਸਾਰੇ ਮਹਿਲਾ ਅਮਲੇ ਵਾਲੀ ਉਡਾਣ ਇਤਿਹਾਸ ਸਿਰਜਦਿਆਂ ਅੱਜ ਸਾਂ ਫਰਾਂਸਿਸਕੋ ਤੋਂ ਬੰਗਲੂਰੂ ਪਹੁੰਚੀ। ਏਆਈ-176 ਜਦੋਂ ਕੇਮਪੇਗੌੜਾ ਕੌਮਾਂਤਰੀ ਹਵਾਈ ਅੱਡੇ ’ਤੇ ਉਤਰੀ ਤਾਂ ਜਹਾਜ਼ ਦੀਆਂ ਸਾਰੀਆਂ ਮਹਿਲਾ ਪਾਇਲਟਾਂ ਦਾ ਉਥੇ ਮੌਜੂਦ ਲੋਕਾਂ ਨੇ ਪੂਰੇ ਜੋਸ਼ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਏਅਰ ਇੰਡੀਆ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਇਹ ਦੁਨੀਆ ਦੀ ਸਭ ਤੋਂ ਲੰਬੀ ਕਮਰਸ਼ੀਅਲ ਉਡਾਣ ਹੋਵੇਗੀ।

ਦੋਵੇਂ ਸ਼ਹਿਰਾਂ ਵਿਚਕਾਰ ਦੂਰੀ 13,993 ਕਿਲੋਮੀਟਰ ਹੈ ਅਤੇ ਅਤੇ ਸਮੇਂ ’ਚ ਵੀ ਸਾਢੇ 13 ਘੰਟੇ ਦਾ ਫ਼ਰਕ ਹੈ। ਨਾਅਰਿਆਂ ਅਤੇ ਤਾੜੀਆਂ ਦੀ ਗੂੰਜ ਵਿਚਕਾਰ ਚਾਰ ਮਹਿਲਾ ਪਾਇਲਟਾਂ ਕੈਪਟਨ ਜ਼ੋਯਾ ਅਗਰਵਾਲ, ਕੈਪਟਨ ਪੀ ਥਨਮਈ, ਕੈਪਟਨ ਅਕਾਂਸ਼ਾ ਸੋਨਾਵੜੇ ਅਤੇ ਕੈਪਟਨ ਸ਼ਿਵਾਨੀ ਮਨਹਾਸ ਨੇ ਹੱਥ ਹਿਲਾ ਕੇ ਹੱਲਾਸ਼ੇਰੀ ਦਾ ਜਵਾਬ ਦਿੱਤਾ। ਮਹਿਲਾ ਅਮਲੇ ਦਾ ਟੀਮ ਮੈਂਬਰਾਂ ਨੇ ਵੀ ਸਵਾਗਤ ਕੀਤਾ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਟਵੀਟ ਕਰਕੇ ਕਿਹਾ ਕਿ ਇਹ ਜਸ਼ਨ ਮਨਾਉਣ ਦਾ ਪਲ ਹੈ ਕਿਉਂਕਿ ਭਾਰਤੀ ਸ਼ਹਿਰੀ ਹਵਾਬਾਜ਼ੀ ਦੀਆਂ ਮਹਿਲਾ ਮਾਹਿਰਾਂ ਨੇ ਇਤਿਹਾਸ ਸਿਰਜ ਦਿੱਤਾ ਹੈ।

ਸਾਂ ਫਰਾਂਸਿਸਕੋ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਵੀ ਇਸ ਸਫ਼ਲ ਉਡਾਣ ਦੀ ਵਧਾਈ ਦਿੱਤੀ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਏਅਰ ਇੰਡੀਆ ਉਡਾਣ ਦੇ ਮਹਿਲਾ ਅਮਲੇ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ ਮੁਲਕ ਨੂੰ ਉਨ੍ਹਾਂ ’ਤੇ ਨਾਜ਼ ਹੈ।