ਉੱਚੇ ਮੁਕਾਮ ਨੂੰ ਛੂਹਣ ਵਾਲਾ ਢਾਡੀ ਜਸਵਿੰਦਰ ਸਿੰਘ ਬਾਗੀ

(ਸਮਾਜ ਵੀਕਲੀ)

ਕਹਿੰਦੇ ਹਨ ਕਿ ਜਦੋਂ ਸਫਲਤਾ ਕਿਸੇ ਦੇ ਪੈਰ ਚੁੰਮਦੀ ਹੈ ,ਤਾਂ ਇਹ ਕਿਸੇ ਦੇ ਸੁਪਨਿਆਂ ਦਾ ਪੂਰਾ ਹੋਣ ਦਾ ਸੰਕੇਤ ਹੁੰਦੀ ਹੈ।

ਪਰ ਇਹ ਸਫਲਤਾ ਹਰ ਇੱਕ ਦੇ ਹਿੱਸੇ ਸੌਖੀ ਨਹੀਂ ਆਉਂਦੀ ਅਤੇ ਕਈ ਵਾਰ ਇਨਸਾਨ ਨੂੰ ਆਪਣੀ ਜਿੰਦਗੀ ਵਿੱਚ ਨਿਰਾਸ਼ਾ ਵੀ ਦੇਖਣੀ ਪੈਦੀਂ ਹੈ। ਪਰ ਜੇ ਇਨਸਾਨ ਨੇ ਆਪਣਾ ਸੁਪਨਾ ਪੂਰਾ ਕਰਨਾ ਤਾਂ ਉਸ ਨੂੰ ਨਿਰਾਸ਼ਾ ਤਾਂਈ ਪਾਸੇ ਕਰਨਾ ਪੈਦਾਂ ਤੇ ਆਪਣੇ ਆਪ  ਨੂੰ ਆਪਣੀ ਮੰਜਿਲ ਦੀ ਰਾਹਾਂ ਵੱਲ ਤੋਰਨਾ ਪੈਦਾਂ ਹੈ ,ਤਾਂ ਕਿਤੇ ਜਾ ਕੇ ਸਫਲਤਾ ਦਾ ਹੱਥ ਫੜ ਸਕਦਾ ਹੈ।

ਇਹ ਸਫਲਤਾ ਇਨਸਾਨ ਦੀ ਕਰੜੀ ਘਾਲਣਾ ਦਾ , ਸਖਤ ਮਿਹਨਤ ਦਾ ਨਤੀਜਾ ਹੁੰਦੀ ਹੈ। ਜਿੰਦਗੀ ਦੇ ਕਈ ਔਕੜਾਂ ਮੁਸ਼ਕਿਲਾਂ ਦੇ ਵਿੱਚੋ ਗੁਜ਼ਰਕੇ ਆਏ ਇਨਸਾਨ ਦੀ ਸਫਲਤਾ ਦੇ ਪਿੱਛੇ ,ਉਸਦੇ ਅਤੀਤ ਦਾ ਬਹੁਤ ਵੱਡਾ ਰਾਜ਼ ਤੇ ਉਸਦੀ ਜਿੰਦਗੀ ਦਾ ਅਸਲ ਸੱਚ ਛੁਪਿਆ ਹੁੰਦਾ ਹੈ।

ਕੁਝ ਇਸੇ ਤਰ੍ਹਾਂ ਹੀ  ਜਿੰਦਗੀ ਦੇ ਇਮਿਤਹਾਨਾਂ ‘ਚੋ ਪਾਸ ਹੋ ਕੇ ਆਪਣੇ ਨਾਮ ਨੂੰ ਚਮਕਾਉਣ ਵਾਲੇ ਇਨਸਾਨ ਹਨ ਢਾਡੀ ਜਸਵਿੰਦਰ ਸਿੰਘ ਬਾਗੀ ।

ਨਿਮਾਣਿਆ ਨੂੰ ਮਾਣ ਬਖ਼ਸ਼ਣ ਵਾਲੇ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ  ਜਿੰਨ੍ਹਾਂ ਨੇ  ਜਸਵਿੰਦਰ ਸਿੰਘ ਬਾਗੀ ਨੂੰ ਆਪਣੇ ਦਰ ਦਾ ਢਾਡੀ ਹੋਣ  ਦਾ ਮਾਣ ਬਖਸ਼ਿਆ,ਜਿੰਨ੍ਹਾਂ ਦੀ ਰਹਿਮਤ ਸਦਕਾ ਇਹਨਾਂ ਆਪਣਾ ਨਾਮ ਕਾਇਮ ਕੀਤਾ ।ਆਉ ਜਾਣਦੇ ਹਾਂ ਇਹਨਾਂ ਦੀ ਜਿੰਦਗੀ ਬਾਰੇ, ਢਾਡੀ ਜਸਵਿੰਦਰ ਸਿੰਘ ਬਾਗੀ ਦਾ ਜਨਮ 15 ਅਗਸਤ 1983 ਨੂੰ ਜਿਲ੍ਹਾਂ ਮੋਗਾ ਦੇ ਪਿੰਡ ਸਲ੍ਹੀਣਾ (ਪਹਿਲਾਂ ਜਿਲ੍ਹਾਂ ਫਿਰੋਜ਼ਪੁਰ) ਵਿਖੇ , ਸਵ: ਢਾਡੀ ਨਿਰਮਲ ਸਿੰਘ ਬਾਗੀ ਦੇ ਘਰ , ਮਾਤਾ ਹਰਬੰਸ ਕੌਰ ਦੀ ਕੁੱਖੋਂ ਹੋਇਆ। ਇਹਨਾਂ ਦੇ ਚਾਰ ਭੈਣਾਂ ਅਤੇ ਦੋ ਭਾਈ ਸਨ ਜਿੰਨ੍ਹਾਂ ਵਿੱਚੋਂ ਜਸਵਿੰਦਰ ਸਿੰਘ ਬਾਗੀ ਸਭ ਤੋਂ ਛੋਟੇ ਹਨ।

ਬਚਪਨ ਤੋਂ ਜਵਾਨੀ ਤੱਕ ਦਾ ਸ਼ਫਰ ਕਰਦਿਆਂ ਇਹਨਾਂ ਨੂੰ ਗੁਰਮਿਤ ਦਾ ਤੇ ਢਾਡੀ ਕਲਾ ਦਾ ਰੰਗ ਆਪਣੇ ਹੀ ਪਰਿਵਾਰ ਤੋਂ ਲੱਗਾ।ਇਹਨਾਂ ਨੇ ਆਪਣੀ ਪੜ੍ਹਾਈ  ਅੱਠ ਜਮਾਤਾਂ ਤੱਕ ਹੀ  ਕੀਤੀ, ਕਾਰਨ ਦੱਸਦੇ ਆ ਕਿ ਘਰ ਦੀਆਂ ਕੁਝ ਮਜੂਬਰੀਆਂ ਸਨ , ਜਿਸ ਕਰਕੇ ਉਹ ਅੱਗੇ ਪੜ੍ਹਾਈ ਨਹੀਂ ਕਰ ਸਕੇ ।ਜਵਾਨੀ ਵਿੱਚ ਆਉਂਦੇ ਹੋਏ ਇਹਨਾਂ ਨੇ ਗ੍ਰਹਿਸਤੀ ਜੀਵਨ ਦਾ ਸਫਰ  ਬੀਬੀ ਹਰਦੀਪ ਕੌਰ ਨਾਲ ਸ਼ੁਰੂ ਕੀਤਾ ਤੇ ਇਹਨਾਂ ਦੇ ਘਰ ਬੇਟੇ ਗੁਰਪ੍ਰੀਤ ਸਿੰਘ ਤੇ ਬੇਟੀ ਦਲਜੀਤ ਕੌਰ ਨੇ ਜਨਮ ਲਿਆ । ਅੱਜ ਕੱਲ ਇਹ ਆਪਣੀ ਧਰਮਪਤਨੀ ,ਬੱਚਿਆਂ ਤੇ ਆਪਣੀ ਮਾਤਾ ਜੀ ਨਾਲ ਪਿੰਡ ਨੂਰਪੁਰ ਹਕੀਮਾਂ ਤਹਿ:ਧਰਮਕੋਟ (ਮੋਗਾ) ਵਿਖੇ ਰਹਿ ਰਹੇ ਹਨ।

ਜੇਕਰ ਇੰਨਾਂ ਦੇ ਪਿਛੋਕੜ ਦੀ ਗੱਲ ਕਰੀਏ ਤਾਂ ਕੰਮਕਾਰ ਕਰੀਏ ਤਾਂ ਇਹ ਤਰਖਾਣਾਂ ਕੰਮ ਕਰਨ ਵਾਲੇ ਭਾਈ ਲਾਲੋ ਜੀ ਦੀ ਵੰਸ਼ ਨਾਲ ਸਬੰਧ ਰੱਖਦੇ ਹਨ ,ਪਰ ਇਹਨਾਂ ਦੇ ਪਿਤਾ ਜੀ ਢਾਡੀ ਸਵ: ਨਿਰਮਲ ਸਿੰਘ ਬਾਗੀ ਆਪਣਿਆਂ ਵੱਡ-ਵਡੇਰਿਆਂ ਚੋ ਪਹਿਲੇ ਸਨ ਜਿੰਨ੍ਹਾਂ ਨੇ ਆਪਣੇ ਕਿੱਤੇ ਦੇ ਨਾਲ -ਨਾਲ ਕਵੀਸ਼ਰੀ ਕਰਨੀ ਸ਼ੁਰੂ ਕੀਤੀ ਤੇ ਉਹਨਾਂ ਨੇ ਕਵੀਸ਼ਰੀ ਆਪਣੇ ਉਸਤਾਦ ਗਿਆਨੀ ਜਗਦੀਸ਼ ਸਿੰਘ ਪਤੰਗਾ ਖੋਸਿਆਂ ਵਾਲਿਆ ਤੋਂ ਸਿੱਖੀ। ਫੇਰ ਕੁਝ ਸਮਾਂ ਕਵੀਸ਼ਰੀ ਕਰਨ ਤੋਂ ਬਾਅਦ ਉਹਨਾਂ ਨੇ ਆਪਣਾ ਢਾਡੀ ਜੱਥਾ ਕਾਇਮ ਕਰਕੇ ਤੇ ਸਿੱਖੀ ਪ੍ਰਚਾਰ ਕੀਤਾ।

1992 ਵਿੱਚ ਇਹਨਾਂ ਦੇ ਪਿਤਾ ਜੀ ਨੂੰ ਪਿਸ਼ਾਬ ਦਾ ਬੰਨ ਪੈਣ ਕਾਰਨ ,ਉਹਨਾਂ ਦਾ ਅਪ੍ਰੇਸ਼ਨ ਹੋਇਆ ਤਾਂ ਡਾਕਟਰ ਨੇ ਬੋਲਣ ਤੋਂ ਮਨ੍ਹਾਂ ਕੀਤਾ,ਤੇ ਜਿਸ ਕਰਕੇ ਉਹਨਾਂ ਦਾ ਢਾਡੀ ਜੱਥਾ ਨਿੱਖੜ ਗਿਆ ਤੇ ਸਾਥੀ ਹੋਰ ਜੱਥੇ ਨਾਲ ਜਾ ਕੇ ਲੱਗ  ਗਏ। ਫੇਰ ਕੁਝ ਸਮੇਂ ਬਾਅਦ ਇਹਨਾਂ ਦੇ ਪਿਤਾ ਨੇ ਜਸਵਿੰਦਰ ਸਿੰਘ ਬਾਗੀ ਤੇ ਇਹਨਾਂ ਦੇ ਭਾਈਆਂ ਨੂੰ ਢੱਡ ਵਜਾਉਣੀ ਤੇ ਸਟੇਜ ਤੇ ਬੋਲਣਾ ਸਿਖਾਇਆ  ਤੇ ਇੱਥੋਂ ਜਸਵਿੰਦਰ ਸਿੰਘ ਬਾਗੀ ਦਾ ਢਾਡੀ ਖੇਤਰ ਵਿੱਚ ਅਸਲੀ ਸਫਰ ਸ਼ੁਰੂ ਹੋਇਆ ,ਤੇ ਇਹ ਉਸ ਸਮੇਂ ਤਕਰੀਬਨ ਤੀਸਰੀ ਜਮਾਤ ਵਿੱਚ ਪੜਦੇ ਸਨ।

ਇਹਨਾਂ ਨੇ ਆਪਣਾ ਘਰ ਦਾ ਹੀ ਜੱਥਾ ਤਿਆਰ ਕੀਤਾ , ਪਿਤਾ ਜੀ ਪ੍ਰਚਾਰ ਕਰਦੇ ,ਇਹਨਾਂ ਦੇ ਵੱਡੇ ਭਾਈ ਸਵ:ਜਗਮੇਲ ਸਿੰਘ ਬਾਗੀ ਬੈਂਜੋ ਵਜਾਉਂਦੇ, ਜਸਵਿੰਦਰ ਸਿੰਘ ਤੇ ਇਹਨਾਂ ਦੇ ਚਾਚਾ ਜੀ ਦੇ ਲੜਕੇ  ਸੁਖਦੇਵ ਸਿੰਘ ਸੁਖੀਆ ਨੇ ਢੱਡ ਤੇ ਸਾਥ ਦੇਣਾ। ਗੁਰੂ ਸਾਹਿਬ ਦੀ ਕਿਰਪਾ ਨਾਲ ਸਮਾਂ ਲੰਘਦਾ ਗਿਆ ਤੇ  ਸੰਗਤਾਂ ਦਾ ਪਿਆਰ ਮਿਲਦਾ ਗਿਆ। 1998-99 ਵਿੱਚ ਇਹਨਾਂ ਦੇ ਵੱਡੇ ਭਾਈ ਨੇ ਸਾਰੰਗੀ ਲੈ ਕੇ ਆਂਦੀ ਤੇ ਉਸਤਾਦ ਸਾਰੰਗੀਵਾਦਕ ਸੁਦਾਗਰ ਸਿੰਘ ਸੁਖੀਆ ਜੀ ਤੋਂ ਸਾਰੰਗੀ ਸਿੱਖਣੀ ਸੁਰੂ ਕੀਤੀ ਅਤੇ ਇਹਨਾਂ ਨੇ ਢਾਡੀ ਜੱਥੇ ਦੇ ਰੂਪ ਵਿੱਚ ਢੱਡ ,ਸਾਰੰਗੀ ਨਾਲ ਗਾਉਣਾ ਸ਼ੁਰੂ ਕੀਤਾ ,ਇਸ ਤਰ੍ਹਾਂ ਇਹਨਾਂ ਦੀ ਇਲਾਕੇ ਵਿੱਚ ਪਹਿਚਾਣ ਬਣਗੀ ।

ਪਰ ਕੁਦਰਤ ਦੇ ਰੰਗ ਕੇ ਇਹਨਾਂ ਦੇ ਪਿਤਾ ਜੀ ਦਾ 1999 ਨੂੰ  ਐਕਸੀਡੈਂਟ ਹੋ ਗਿਆ ਅਤੇ ਉਹਨਾਂ ਨੂੰ ਕੁਝ ਸਮਾਂ ਮੰਜੇ ਤੇ ਬੈਠਣਾ ਪਿਆ। ਪਰ ਉਹ  ਮਈ ਮਹੀਨੇ 2001 ਵਿੱਚ ਅਕਾਲ ਚਲਾਣਾ ਕਰ ਗਏ। ਪਿਤਾ ਤੋਂ ਬਾਅਦ ਜਸਵਿੰਦਰ ਸਿੰਘ ਗਾਉਣ ਦੇ ਨਾਲ ਨਾਲ ਪ੍ਰਚਾਰ ਵੀ ਕਰਨ ਲੱਗੇ ਅਤੇ ਇਹਨਾਂ ਦੇ ਦਿਨ ਲੰਘਦੇ ਗਏ।

2009 ਵਿੱਚ ਇਹਨਾਂ ਤੇ ਇੱਕ ਹੋਰ ਕਹਿਰ ਟੁੱਟ ਗਿਆ ਕਿ ਇਹਨਾਂ ਦੇ ਵੱਡੇ ਸਾਰੰਗੀਵਾਦਕ ਭਾਈ ਜਗਮੇਲ ਸਿੰਘ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਫੇਰ ਤਾ ਜਿਵੇਂ ਕੁਦਰਤ ਵੀ ਕਹਿਰਵਾਨ ਹੋ ਗਈ ਹੋਵੇ ,ਜੱਥਾ ਟੁੱਟ ਗਿਆ ਤੇ ਪਰਿਵਾਰ ਦੇ ਦੋ ਜੀਆਂ ਦੇ ਚੱਲੇ ਜਾਣ ਨਾਲ ਪੂਰੇ ਪਰਿਵਾਰ ਦਾ ਲੱਕ ਟੁੱਟ ਗਿਆ ।

ਫੇਰ ਇਹਨਾਂ ਨੇ ਸਕੂਟਰ ਰਿਪੇਅਰ ਦਾ ਕੰਮ ਕਰਨ ਸ਼ੁਰੂ ਕੀਤਾ ਅਤੇ ਨਾਲ ਹੀ   ਲੱਕੜ ਦਾ ਕੰਮ ਵੀ ਕਰਨ ਲੱਗੇ । ਸਮਾਂ ਬਹੁਤ ਮੁਸ਼ਕਿਲ ਨਾਲ ਲੰਘਦਾ ਸੀ, ਦਿਨ ਰਾਤ ਇੱਕ ਹੋ ਗਈ ,ਦਿਨ ਵੇਲੇ ਕੰਮ ਕਰਨਾ ਰਾਤ ਵੇਲੇ ਆਖੰਡ ਪਾਠ ਤੇ ਡਿਊਟੀਆਂ ਲਾਉਣੀਆਂ। ਪਿਤਾ ਜੀ ਦੇ ਬਿਮਾਰ ਹੋਣ ਨਾਲ ਸਭ ਕੁਝ ਵਿਕ ਚੁੱਕਾ ਸੀ ਤੇ ਕਰਜਾਈ ਹੋ ਗਏ ,ਆਪਣਾ ਘਰ ਵੀ ਨਾ ਰਿਹਾ। ਕਦੇ ਕਦੇ ਢਾਡੀ ਜੱਥੇ ਦਾ ਪ੍ਰੋਗਰਾਮ ਆਉਣਾ ਤੇ ਉਹ ਕਦੇ ਕਿਸੇ ਨੂੰ ਕਦੇ ਕਿਸੇ , ਇੰਝ ਬਦਲ ਬਦਲ ਕੇ ਸਾਥੀਆਂ  ਨੂੰ ਨਾਲ ਲੈਕੇ ਜਾਣਾ ਤੇ ਪ੍ਰੋਗਰਾਮ ਲਾਉਣਾ।

ਕੁਝ ਸਮਾਂ ਬੀਤਣ ਤੋ  ਬਾਅਦ 2015 ਵਿੱਚ ਇਹਨਾਂ ਦਾ ਮਿਲਾਪ ਹੋਇਆ ਸਾਰੰਗੀਵਾਦਕ ਕੁਲਜਿੰਦਰ ਸਿੰਘ ਯੋਗੀ ਨਾਲ ਜਿੰਨ੍ਹਾਂ ਦੇ ਰਾਂਹੀ ਇਹਨਾਂ ਦੀ ਮੁਲਾਕਾਤ ਹੋਈ ਸਾਰੰਗੀ ਵਾਦਕ ਹਰਕੰਵਲ ਸਿੰਘ ਤਲਵੰਡੀ ਮੱਲ੍ਹੀਆਂ ਨਾਲ ,2016 ਵਿੱਚ ਮਿਲਾਪ ਹੋਇਆ ਢਾਡੀ ਅੰਮ੍ਰਿਤਪਾਲ ਸਿੰਘ ਮਾਣੂਕੇ (ਜੋ ਇਹਨਾਂ ਨਾਲ ਪਹਿਲਾਂ ਵੀ ਇੱਕ ਪ੍ਰੋਗਰਾਮ ਤੇ ਗਏ ਸਨ),ਤੇ 2016 ਦੇ ਅਕਤੂਬਰ ਮਹੀਨੇ ਨੂੰ ਮਿਲਾਪ ਹੋਇਆ (ਮੇਰੀ ਕੌਮ ਦੇ ਮਹਾਨ ਲੇਖਕ , ਆਪਣੀਆਂ ਕਵਿਤਾਵਾਂ ਨਾਲ ਮਸ਼ਹੂਰ ਢਾਡੀ ਬਲਵੀਰ ਸਿੰਘ ਜੀ ਬੀਹਲਾ ) ਜੀ ਦੇ ਬੇਟੇ ਕਿਸਮਤ ਸਿੰਘ ਬੀਹਲਾ ਜੀ ਨਾਲ।

ਅੱਜ ਮੌਜੂਦਾ ਸਮੇਂ ਵਿੱਚ ਇਹ ਤਿੰਨੇ ਸਾਥੀ ਜਸਵਿੰਦਰ ਸਿੰਘ ਬਾਗੀ ਜੀ ਨਾਲ  ਜੱਥੇ  ਵਿੱਚ ਕੰਮ ਕਰ ਰਹੇ ਹਨ । ਇਹਨਾਂ ਨਾਲ ਪੱਕੇ ਤੌਰ ਤੇ ਢਾਡੀ ਜੱਥਾ ਬਣਾਇਆ ਤੇ ਫੇਰ ਗੁਰੂ ਦੀਆਂ ਰਹਿਮਤਾਂ ਨਾਲ ਸੰਗਤਾਂ  ਦੀਆਂ ਢੇਰ ਸਾਰੀਆਂ ਅਸੀਸਾਂ ਮਿਲੀਆਂ ਤੇ ਥੋੜ੍ਹੇ ਸਮੇਂ ਵਿੱਚ ਹੀ ਜਸਵਿੰਦਰ ਸਿੰਘ ਬਾਗੀ ਦਾ ਨਾਮ ਇਲਾਕੇ ਵਿੱਚ ਗੂੰਜਣ ਲੱਗਾ।

ਸਮਾਂ ਆਇਆ  7 ਮਾਰਚ 2017 ਦਾ ਜਦੋਂ ਪਹਿਲੀ ਵਾਰ ਇਹ ਕੈਨੇਡਾ ਵਿਖੇ ਪ੍ਰਚਾਰ ਟੂਰ ਤੇ ਗਏ ਅਤੇ ਜਿੱਥੇ ਸੰਗਤ ਤੋਂ ਮਣਾਂਮੂੰਹੀ ਪਿਆਰ ਮਿਲਿਆ। ਹੁਣ ਤੱਕ ਜਸਵਿੰਦਰ ਸਿੰਘ ਬਾਗੀ ਦਾ ਢਾਡੀ ਜੱਥਾ ਕੈਨੇਡਾ ਦੇ ਤਿੰਨ ਟੂਰ ,ਇੰਗਲੈਂਡ ਦਾ ਇੱਕ ਟੂਰ ਆਪਣੇ ਲਾ ਚੁੱਕਾ ਹੈ ਅਤੇ ਆਪਣੇ ਢਾਡੀ ਜੱਥੇ ਨਾਲ ਟੋਰਾਂਟੋ ,ਬਰੰਪਟਨ ,ਬਰੈਂਡਫੋਰਟ,ਵੈਨਕੂਵਰ,ਸਰੀ ,ਐਬਟਸਫੋਰਡ,ਕੈਲਗਰੀ ,ਔਲੀਵਰ,ਕੋਲੋਨਾ ਪਿਨਟਿਕਟਿਨ (ਕੈਨੇਡਾ) ਅਤੇ ਸਾਊਥ ਹਾਲ ,ਡਰਬੀ (ਇੰਗਲੈਂਡ) ਦੇ ਗੁਰਘਰਾਂ ਵਿੱਚ ਸੇਵਾਵਾਂ ਨਿਭਾ ਚੁੱਕਾ ਹੈ।

ਜੇਕਰ  ਇਹਨਾਂ ਦੇ ਮਾਣ ਸਨਮਾਨ ਦੀ  ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਸਨਮਾਨ ਮਿਲੇ ਅਤੇ ਵਿਦੇਸ਼ਾਂ ਵਿੱਚੋਂ ਕਈ ਸਨਮਾਣ  ਪੱਤਰ ਮਿਲੇ ਅਤੇ ਭਾਰਤ ਦੇ ਕਈ ਰਾਜਾਂ ਵਿੱਚ ਵੀ ਇਹਨਾਂ ਪ੍ਰੋਗਰਾਮ ਕੀਤੇ ਅਤੇ ਮਾਣ ਸਨਮਾਨ ਹਾਸਿਲ ਕੀਤੇ।

ਇਹਨਾਂ ਦੇ ਢਾਡੀ ਜੱਥੇ ਦੀਆਂ ਬਹੁਤ ਸਾਰੀਆਂ ਆਡੀਓ ਵੀਡੀਓ ਕੈਸਿਟਾਂ ਵੀ ਮਾਰਕੀਟ ਵਿੱਚ ਆਈਆਂ ਅਤੇ ਇਹਨਾਂ ਨੂੰ ਯੂ-ਟਿਊਬ ਤੇ ਵੀ ਸੁਣ ਸਕਦੇ ਹੋ ਅਤੇ ਨਾਲ ਲਿਖਣ ਸ਼ੌਕ ਕਰਕੇ ਇਹਨਾਂ ਨੇ ਆਪਣੀ  ਕਲਮ ਅਜ਼ਮਾਈ ਕਰਦਿਆਂ ਕੁਝ  ਪ੍ਰਸੰਗ ਤੇ ਕਵੀਤਾਵਾਂ ਲਿਖੀਆਂ।
ਆਖਿਰ ਵਿੱਚ ਮੌਜੂਦਾ ਸਮੇਂ ਮਾਲਵਾ ਕਵੀਸ਼ਰ ਢਾਡੀ ਸਾਹਿਤ ਸਭਾ ਦੇ ਕਾਰਜਕਾਰੀ ਪ੍ਰਧਾਨ ਦਾ ਮਾਣ ਪ੍ਰਾਪਤ ਕਰਨ ਵਾਲੇ ਢਾਡੀ ਜਸਵਿੰਦਰ ਸਿੰਘ ਬਾਗੀ ਦਾ ਅਜੋਕੇ  ਨੌਜਾਵਨ ਪੀੜ੍ਹੀ  ਨੂੰ ਕਹਿਣਾ ਹੈ ਕਿ ਨਸ਼ੇ ਅਤੇ ਪਤਿਤਪੁਣਾ ਤਿਆਗ ਕੇ ਮਿਹਨਤ ਕਰੋ , ਇਕ ਦਿਨ ਮਿਹਨਤ ਦਾ ਫਲ ਜਰੂਰ ਮਿਲੇਗਾ।

ਰਮੇਸ਼ਵਰ ਸਿੰਘ ਪਟਿਆਲਾ
ਸੰਪਰਕ ਨੰਬਰ 9914880392