ਇਮਰਾਨ ਖ਼ਾਨ ਨੂੰ ਭਾਰਤ ਨਾਲ ਜੰਗ ਦਾ ਖ਼ਦਸ਼ਾ

ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਨ ਮਗਰੋਂ ਭਾਰਤ ਨਾਲ ਗੱਲਬਾਤ ਦਾ ਕੋਈ ਸਵਾਲ ਪੈਦਾ ਨਹੀਂ ਹੁੰਦਾ ਹੈ। ਉਨ੍ਹਾਂ ਭਾਰਤ ਨਾਲ ਰਵਾਇਤੀ ਜੰਗ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਇਹ ਉਪਮਹਾਦੀਪ ਤੋਂ ਅਗਾਂਹ ਵੀ ਜਾ ਸਕਦੀ ਹੈ। ਇਮਰਾਨ ਨੇ ਕਿਹਾ ਕਿ ਉਨ੍ਹਾਂ ਸੰਯੁਕਤ ਰਾਸ਼ਟਰ ਕੋਲ ਪਹੁੰਚ ਕੀਤੀ ਹੈ। ‘ਅਲ ਜਜ਼ੀਰਾ’ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਪਾਕਿਸਤਾਨ ਕਦੇ ਵੀ ਜੰਗ ਦੀ ਸ਼ੁਰੂਆਤ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਜਦੋਂ ਪਰਮਾਣੂ ਹਥਿਆਰਾਂ ਨਾਲ ਲੈਸ ਦੋ ਮੁਲਕ ਲੜਦੇ ਹਨ ਅਤੇ ਜੇਕਰ ਇਹ ਜੰਗ ਰਵਾਇਤੀ ਹੋਵੇ ਤਾਂ ਹਮੇਸ਼ਾ ਇਸ ਦੇ ਪਰਮਾਣੂ ਜੰਗ ’ਚ ਤਬਦੀਲ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ ਜਿਸ ਦੇ ਨਤੀਜੇ ਸੋਚ ਤੋਂ ਪਰ੍ਹੇ ਹਨ। ਵਜ਼ੀਰੇ ਆਜ਼ਮ ਨੇ ਕਿਹਾ,‘‘ਖੁਦਾ ਨਾ ਖਾਸਤਾ ਜੇਕਰ ਪਾਕਿਸਤਾਨ ਰਵਾਇਤੀ ਜੰਗ ਲੜ ਰਿਹਾ ਹੈ ਅਤੇ ਅਸੀਂ ਹਾਰ ਰਹੇ ਹਾਂ ਤਾਂ ਮੁਲਕ ਕੋਲ ਸਿਰਫ਼ ਦੋ ਰਾਹ ਹਨ ਕਿ ਜਾਂ ਤਾਂ ਗੋਡੇ ਟੇਕ ਦੇਵੋ ਜਾਂ ਆਪਣੀ ਆਜ਼ਾਦੀ ਲਈ ਆਖਰੀ ਸਾਹ ਤਕ ਲੜੋ। ਮੈਂ ਜਾਣਦਾ ਹਾਂ ਕਿ ਪਾਕਿਸਤਾਨੀ ਆਪਣੀ ਆਜ਼ਾਦੀ ਲਈ ਮਰਦੇ ਦਮ ਤਕ ਲੜਨਗੇ।’’