ਆਸਟਰੇਲੀਆ: ਵਾਇਰਸ ਨੇ ਲੱਖਾਂ ਦਾ ਰੁਜ਼ਗਾਰ ਖ਼ਤਮ ਕੀਤਾ

ਆਸਟਰੇਲੀਆ ਵਿਚ ਕਰੋਨਾਵਾਇਰਸ ਕਾਰਨ ਉਪਜੇ ਵਿੱਤੀ ਸੰਕਟ ਨਾਲ ਲੱਖਾਂ ਲੋਕਾਂ ਦਾ ਰੁਜ਼ਗਾਰ ਖ਼ਤਮ ਹੋ ਗਿਆ ਹੈ। ਮੁਲਕ ਵਿਚ ਕਰੀਬ 2 ਲੱਖ ਲੋਕ ਬੇਰੁਜ਼ਗਾਰ ਹਨ। ਇਸ ਵੇਲੇ ਵਾਇਰਸ ਪੀੜਤ ਮਰੀਜ਼ਾਂ ਦੀ ਗਿਣਤੀ 3635 ਹੈ ਅਤੇ 14 ਦੀ ਮੌਤ ਹੋ ਚੁੱਕੀ ਹੈ। ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜ਼ਰੂਰੀ ਸੇਵਾਵਾਂ ਨੂੰ ਛੱਡ ਬਹੁਤੇ ਕਾਰੋਬਾਰ ਬੰਦ ਹਨ। ਰੈਸਟੋਰੈਂਟ, ਕੈਫ਼ੇ, ਸ਼ਾਪਿੰਗ ਮਾਲਜ਼, ਰੀਅਲ ਅਸਟੇਟ, ਹੋਟਲ, ਹਵਾਬਾਜ਼ੀ, ਕਰੂਜ਼ ਕੰਪਨੀਆਂ ਤੇ ਹੋਰਾਂ ਨੇ ਪੱਕੇ ਸਟਾਫ਼ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਹੈ। ਪੱਛਮੀ ਸਭਿਅਤਾ ਦੇ ਪ੍ਰਭਾਵ ਹੇਠ ਆਸਟਰੇਲਿਆਈ ਲੋਕ ਵੀ ਹਫ਼ਤਾ ਦਰ ਹਫ਼ਤਾ ਜਿੰਨਾ ਕਮਾਉਂਦੇ ਹਨ, ਅਕਸਰ ਉਸੇ ਹਫ਼ਤੇ ਹੀ ਖ਼ਰਚ ਕਰ ਦਿੰਦੇ ਹਨ। ਸਰਕਾਰੀ ਆਰਥਿਕ ਸਹਾਇਤਾ ਲੈਣ ਲਈ ਲੋਕ ਸੈਂਟਰਲਿੰਕ ਦਫ਼ਤਰਾਂ ਵਿਚ ਕਤਾਰਾਂ ਬੰਨ੍ਹ ਕੇ ਖੜ੍ਹੇ ਹਨ। ਲੋੜਵੰਦਾਂ ਦੀਆਂ ਭੀੜਾਂ ਦੇ ਮੱਦੇਨਜ਼ਰ ਸਰਕਾਰ ਨੇ ਐਲਾਨ ਕੀਤਾ ਹੈ ਕਿ ਦਫ਼ਤਰ ਆਉਣ ਦੀ ਬਜਾਏ ਆਨਲਾਈਨ ਅਰਜ਼ੀਆਂ ਵੈੱਬਸਾਈਟ ’ਤੇ ਦਾਖ਼ਲ ਕੀਤੀਆਂ ਜਾਣ। ਸੈਂਟਰਲਿੰਕ ਨੇ ਵਿਭਾਗੀ ਕੰਮ ਚਲਾਉਣ ਲਈ 2000 ਨਵੀਆਂ ਅਸਾਮੀਆਂ ’ਤੇ ਭਰਤੀ ਕਰਨ ਬਾਰੇ ਕਿਹਾ ਹੈ।
ਕੁਆਂਟਸ ਏਅਰ ਲਾਈਨ ਦੇ 30,000, ਜੈੱਟ ਏਅਰ ਦੇ 20,000, ਵੱਡੇ ਸ਼ਾਪਿੰਗ ਮਾਲ ਡੇਵਿਡ ਜੌਹਨ-ਮਾਇਅਰ ਦੇ 15,000, ਰੈਂਸਟੋਰੈਂਟ ਤੇ ਹੋਰ ਕਾਰੋਬਾਰਾਂ ਦੇ ਹਜ਼ਾਰਾਂ ਕਾਮੇ ਵਿਹਲੇ ਹੋ ਗਏ ਹਨ। ਸਰਕਾਰ ਨੇ ਬੇਰੁਜ਼ਗਾਰਾਂ, ਬੰਦ ਕਾਰੋਬਾਰਾਂ ਤੇ ਹੋਰ ਲੋੜਵੰਦਾਂ ਲਈ ਆਰਥਿਕ ਪੈਕਜ ਐਲਾਨੇ ਹਨ। ਜ਼ਰੂਰੀ ਸੇਵਾਵਾਂ- ਹਸਪਤਾਲ, ਸਿਹਤ ਸੈਂਟਰ, ਮਰੀਜ਼ਾਂ ਦੀ ਸਾਂਭ-ਸੰਭਾਲ, ਸਫ਼ਾਈ, ਦਵਾਈਆਂ ਦੇ ਸਟੋਰ, ਖੁਰਾਕੀ ਵਸਤਾਂ ਰਾਸ਼ਨ-ਦੁੱਧ ਆਦਿ ਦੀ ਜ਼ਿਆਦਾ ਮੰਗ ਕਰਕੇ ਸਟਾਫ਼ ਦੀ ਘਾਟ ਹੈ। ਕੌਮੀ ਪ੍ਰਚੂਨ ਸਟੋਰ ਵੂਲਵਰਥ ਤੇ ਕੋਲਜ਼ ਨੇ 20000 ਕਾਮੇ ਭਰਤੀ ਕਰਨ ਬਾਰੇ ਕਿਹਾ ਹੈ।