ਅੰਬੇਡਕਰ ਭਵਨ ਜਲੰਧਰ – ਬਹੁਪੱਖੀ ਸਮਾਜਿਕ ਗਤੀਵਿਧੀਆਂ ਦਾ ਕੇਂਦਰ

ਅੰਬੇਡਕਰ ਭਵਨ ਵਿਖੇ ਗੌਤਮ ਬੁੱਧ ਦੀ ਪ੍ਰਤਿਮਾ

 

ਜਲੰਧਰ (ਸਮਾਜ ਵੀਕਲੀ): ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਚਰਨ ਛੋਹ ਧਰਤੀ ਅੰਬੇਡਕਰ ਭਵਨ,  ਜੋ ਡਾ. ਅੰਬੇਡਕਰ ਮਾਰਗ (ਨਕੋਦਰ ਰੋਡ), ਜਲੰਧਰ ਵਿਖੇ ਸਥਿਤ ਹੈ, ਅੰਬੇਡਕਰਵਾਦੀ ਗਤੀਵਿਧੀਆਂ ਦਾ ਕੇਂਦਰ ਰਿਹਾ ਹੈ. 27 ਅਕਤੂਬਰ, 1951 ਨੂੰ ਬਾਬਾ ਸਾਹਿਬ ਡਾ. ਅੰਬੇਡਕਰ ਨੇ ਇਸ ਧਰਤੀ ਤੇ ਲੱਖਾਂ ਲੋਕਾਂ ਨੂੰ ਸੰਬੋਧਨ ਕੀਤਾ ਸੀ. ਉਸ ਤੋਂ ਬਾਦ ਬਾਬਾ ਸਾਹਿਬ ਨੇ ਡੀ ਏ ਵੀ ਕਾਲਿਜ ਜਲੰਧਰ ਵਿਖੇ ਮੌਕ ਪਾਰਲੀਮੈਂਟ ਤੇ ਆਪਣੇ ਵਿਚਾਰ ਪੇਸ਼ ਕੀਤੇ ਸਨ. ਉਘੇ  ਅੰਬੇਡਕਰਵਾਦੀ, ਲੇਖਕ, ਚਿੰਤਕ ਅਤੇ ਭੀਮ ਪਤ੍ਰਿਕਾ ਦੇ ਐਡੀਟਰ ਸ਼੍ਰੀ ਲਾਹੌਰੀ ਰਾਮ ਬਾਲੀ ਅਤੇ ਸ਼੍ਰੀ ਕਰਮ ਚੰਦ ਬਾਠ ਨੇ ਲੋਕਾਂ ਕੋਲੋਂ ਇਕ-ਇਕ ਰੁਪਇਆ ਇਕੱਠਾ ਕਰਕੇ ਇਹ ਜਮੀਨ  ਸੰਨ 1963 ਤੋਂ ਪਹਿਲਾਂ ਅੰਬੇਡਕਰ ਭਵਨ ਦੇ ਨਾਮ ਵਿਚ ਖਰੀਦ ਲਈ.

ਫਾਊਂਡਰ ਟਰੱਸਟੀ ਐਲ ਆਰ ਬਾਲੀ

ਇਸ ਦੀ ਸਾਂਭ ਸੰਭਾਲ ਵਾਸਤੇਸ਼੍ਰੀ ਬਾਲੀ ਜੀ ਨੇ ਸੰਨ 1972 ਵਿਚ ਅੰਬੇਡਕਰ ਭਵਨ ਟਰੱਸਟ ਦਾ ਗਠਨ ਕਰ ਦਿੱਤਾ.  ਡਾ. ਆਰ ਡੀ ਨਰ – ਡਾਇਰੈਕਟਰ ਹੈਲਥ ਸਰਵਿਸਜ਼ ਪੰਜਾਬ, ਮਹਾਸ਼ਾ ਕ੍ਰਿਸ਼ਨ ਕੁਮਾਰ – ਨਵਾਂਸ਼ਹਿਰ, ਆਰ ਸੀ ਪਾਲ – ਪੀ ਸੀ ਐੱਸ ਜੁਡੀਸ਼ੀਅਲ (ਸਬ ਜੱਜ), ਕੇ ਸੀ ਸ਼ੇਨਮਾਰ – ਆਈ ਜੀ ਪ੍ਰਿਜਨਸ, ਆਰ ਸੀ ਸੰਗਰ, ਬਾਬੂ ਬਰਖਾ ਰਾਮ, ਅਤੇ ਜੀ ਐੱਸ ਬੱਲ – ਪੀ ਸੀ ਐਸ ਵਰਗੀਆਂ ਸ਼ਖਸ਼ੀਅਤਾਂ ਅੰਬੇਡਕਰ ਭਵਨ ਦੇ ਟਰੱਸਟੀ ਰਹਿ ਚੁੱਕੇ ਹਨ. ਹੁਣ  ਵਰਤਮਾਨ ਵਿਚ ਡਾ. ਰਾਮ ਲਾਲ ਜੱਸੀ – ਕਾਰਜਕਾਰੀ ਚੇਅਰਮੈਨ, ਡਾ. ਜੀ. ਸੀ. ਕੌਲ – ਜਨਰਲ ਸਕੱਤਰ, ਬਲਦੇਵ ਰਾਜ ਭਾਰਦਵਾਜ – ਵਿੱਤ ਸਕੱਤਰ ਅਤੇ ਐਲ ਆਰ ਬਾਲੀ, ਕੇ.ਸੀ ਸੁਲੇਖ, ਡਾ. ਸੁਰਿੰਦਰ ਅਜਨਾਤ,  ਆਰ ਪੀ ਐਸ ਪਵਾਰ ਆਈ ਏ ਐਸ (ਸੇਵਾਮੁਕਤ) , ਚੌਧਰੀ ਨਸੀਬ ਚੰਦ ਐਚ ਏ ਐਸ (ਸੇਵਾਮੁਕਤ) , ਸੋਹਨ ਲਾਲ  ਡੀ ਪੀ ਆਈ – ਕਾਲਿਜਾਂ (ਸੇਵਾਮੁਕਤ) , ਡਾ ਰਾਹੁਲ ਤੇ  ਡਾ. ਟੀ.ਐੱਲ.ਸਾਗਰ ਮੌਜੂਦਾ ਟਰੱਸਟੀ ਹਨ.

ਸ਼ੁਰੂਆਤੀ ਦੌਰ ਤੋਂ ਹੀ ਅੰਬੇਡਕਰ ਭਵਨ ਬਾਬਾ ਸਾਹਿਬ ਦੀ ਵਿਚਾਰਧਾਰਾ ਦਾ ਪ੍ਰਚਾਰ-ਪ੍ਰਸਾਰ ਕਰਨ ਦੀਆਂ ਗਤੀਵਿਧੀਆਂ  ਦਾ ਕੇਂਦਰ ਰਿਹਾ ਹੈ. ਇਥੇ ਮਿਸ਼ਨ ਨਾਲ ਸੰਬੰਧਤ ਸਮਾਗਮ ਅਤੇ ਵਿਚਾਰ ਗੋਸ਼ਟੀਆਂ ਹੁੰਦੇ ਹੀ ਰਹਿੰਦੇ ਹਨ. ਅੰਬੇਡਕਰ ਭਵਨ ‘ਚ “ਸੇਵਾ-ਪੀਟੀਯੂ” ਸੰਸਥਾ ਦੇ ਸਹਿਯੋਗ ਨਾਲ ਨੌਜਵਾਨ ਪੜ੍ਹੇ-ਲਿਖੇ ਲੜਕੇ ਅਤੇ ਲੜਕੀਆਂ ਨੂੰ ਬੈਂਕਾਂ, ਬੀਮਾ ਕੰਪਨੀਆਂ, ਰੇਲਵੇ, ਐਸ ਐਸ ਬੀ, ਸੇਵਾ ਚੋਣ ਕਮਿਸ਼ਨ ਆਦਿ ਵਿੱਚ ਨੌਕਰੀਆਂ ਲਈ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਲਈ ਫਰੀ ਕੋਚਿੰਗ ਦਿੱਤੀ ਜਾਂਦੀ ਹੈ ਅਤੇ “ਸਪੀਡ” ਸੰਸਥਾ ਦੇ ਸਹਿਯੋਗ ਨਾਲ ਬੱਚਿਆਂ ਨੂੰ ਕੰਪਿਊਟਰ ਅਤੇ ਪਰਸਨੈਲਿਟੀ ਡਿਵੈਲਪਮੈਂਟ ਦੇ  ਕੋਰਸ ਵੀ ਕਰਵਾਏ ਜਾਂਦੇ ਹਨ. ਅੰਬੇਡਕਰ ਭਵਨ ਵਿਚ ਇਕ ਲਾਇਬ੍ਰੇਰੀ ਵੀ ਹੈ ਜਿਥੇ ਭਾਰਤੀ ਅਤੇ ਵਿਦੇਸ਼ੀ ਵਿਦਵਾਨ ਖੋਜ-ਕਾਰਜ ਕਰਦੇ ਹਨ. ਭਵਨ ਵਿਚ ਇੱਕ ਕਮਿਊਨਿਟੀ ਹਾਲ ਹੈ ਜੋ ਜਰੂਰਤਮੰਦ ਲੋਕਾਂ ਨੂੰ ਸਮਾਜਿਕ ਅਤੇ ਸੱਭਿਆਚਾਰਕ ਸਮਾਗਮ ਕਰਨ ਲਈ ਬਹੁਤ ਹੀ ਬਾਜਵ ਕਿਰਾਏ ਤੇ ਮੁਹਈਆ ਕਰਾਇਆ ਜਾਂਦਾ ਹੈ. ਭਵਨ ਦੇ ਪ੍ਰਾਂਗਣ ਵਿਚ ਅੰਬੇਡਕਰੀ, ਬੁਧਿਸਟ ਅਤੇ ਹੋਰ ਸਹਿਯੋਗੀ ਸਾਥੀਆਂ ਦੇ ਸਹਿਯੋਗ ਨਾਲ ਸੰਨ 2015 ਵਿਚ ਗੌਤਮ ਬੁੱਧ ਦਾ ਆਦਮ ਕਦ ਸਟੈਚੂ ਲਗਾਇਆ ਗਿਆ ਜੋ ਇਲਾਕੇ ਵਿਚ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ. ਸ਼੍ਰੀ ਬਾਲੀ ਜੀ ਨੇ ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ ਦਾ ਵੀ ਗਠਨ ਕੀਤਾ ਜਿਸ ਦੀਆਂ ਗਤੀਵਿਧੀਆਂ ਮਿਸ਼ਨ ਦੇ ਪ੍ਰਚਾਰ-ਪ੍ਰਸਾਰ ਵਾਸਤੇ  ਅੰਬੇਡਕਰ ਭਵਨ ਤੋਂ 1970  ਦੇ ਦਹਾਕੇ ਤੋਂ  ਨਿਰੰਤਰ ਚਲਦੀਆਂ ਰਹੀਆਂ ਹਨ.  ਅੰਬੇਡਕਰ ਮਿਸ਼ਨ ਸੋਸਾਇਟੀ ਨੇ ਹਜਾਰਾਂ ਦੀ ਗਿਣਤੀ ਵਿਚ ਅੰਬੇਡਕਰਵਾਦੀ ਬੁਧੀਜੀਵੀ ਪੈਦਾ ਕੀਤੇ ਹਨ. 30  ਸਤੰਬਰ, 1956  ਨੂੰ ਬਾਬਾ ਸਾਹਿਬ ਡਾ. ਅੰਬੇਡਕਰ ਨੂੰ ਆਪਣਾ ਪੂਰਾ ਜੀਵਨ ਅੰਬੇਡਕਰ ਮਿਸ਼ਨ ਦਾ ਪ੍ਰਚਾਰ – ਪ੍ਰਸਾਰ ਕਰਨ ਦਾ ਵਚਨ ਦੇਣ ਤੋਂ ਬਾਦ ਅੱਜ ਵੀ 90 ਸਾਲ ਦੀ ਉਮਰ ਵਿਚ ਸ਼੍ਰੀ ਐਲ ਆਰ ਬਾਲੀ ਅੰਬੇਡਕਰ ਭਵਨ ਜਲੰਧਰ ਤੋਂ ਸਮਾਜ ਨੂੰ ਅੰਬੇਡਕਰ ਮਿਸ਼ਨ ਦਾ ਸੰਦੇਸ਼ ਦੇ ਰਹੇ ਹਨ. ਇਹ ਜਾਣਕਾਰੀ ਅੰਬੇਡਕਰ ਭਵਨ ਟਰੱਸਟ ਦੇ ਜਨਰਲ ਸਕੱਤਰ ਡਾ. ਜੀ. ਸੀ. ਕੌਲ ਨੇ ਇੱਕ ਪ੍ਰੈਸ ਬਿਆਨ ਵਿਚ ਦਿੱਤੀ.

ਡਾ. ਜੀ  ਸੀ ਕੌਲ
ਜਨਰਲ ਸਕੱਤਰ, ਅੰਬੇਡਕਰ ਭਵਨ ਟਰੱਸਟ (ਰਜਿ.)
Phone: 94632 23223

ਅੰਬੇਡਕਰ ਭਵਨ ਵਿਖੇ ਕਮਿਊਨਿਟੀ ਹਾਲ