ਅਮਰੀਕੀ ਵਿਦੇਸ਼ ਮੰਤਰੀ ਪੌਂਪੀਓ ਭਾਰਤ ਪੁੱਜੇ

ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਅੱਜ ਰਾਤ ਭਾਰਤ ਪੁੱਜ ਗਏ ਹਨ। ਉਹ ਭਲਕੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਨਵੀਂ ਦਿੱਲੀ ਵਿਚ ਮੀਟਿੰਗ ਕਰਨਗੇ। ਇਸ ਮੌਕੇ ਅਤਿਵਾਦ, ਭਾਰਤੀ ਆਈਟੀ ਪੇਸ਼ਾਵਰਾਂ ਨੂੰ ਅਮਰੀਕਾ ਵਿਚ ਕੰਮ ਕਰਨ ਲਈ ਐੱਚ 1ਬੀ ਵੀਜ਼ੇ ਵਿਚ ਪ੍ਰੇਸ਼ਾਨੀਆਂ ਅਤੇ ਇਰਾਨ ਤੋਂ ਕੱਚਾ ਤੇਲ ਖਰੀਦਣ ’ਤੇ ਰੋਕ ਵਰਗੇ ਮਹੱਤਵਪੂਰਨ ਮੁੱਦਿਆਂ ’ਤੇ ਚਰਚਾ ਹੋਣ ਦੀ ਸੰਭਾਵਨਾ ਹੈ। ਭਾਰਤ ਵਿਚ ਨਵੀਂ ਸਰਕਾਰ ਬਣਨ ਮਗਰੋਂ ਦੋਵਾਂ ਦੇਸ਼ਾਂ ਵਿਚ ਇਹ ਪਹਿਲੀ ਉੱਚ ਪੱਧਰੀ ਮੀਟਿੰਗ ਹੋਵੇਗੀ। ਜੈਸ਼ੰਕਰ ਪਹਿਲੀ ਵਾਰ ਮੰਤਰੀ ਮੰਡਲ ਦਾ ਹਿੱਸਾ ਬਣੇ ਹਨ। ਮੰਤਰੀ ਬਣਨ ਮਗਰੋਂ ਉਨ੍ਹਾਂ ਦੀ ਅਮਰੀਕੀ ਵਿਦੇਸ਼ ਮੰਤਰੀ ਨਾਲ ਇਹ ਪਹਿਲੀ ਮੁਲਾਕਾਤ ਹੋਵੇਗੀ। ਪੌਂਪੀਓ ਇਸ ਯਾਤਰਾ ਤੋਂ ਬਾਅਦ ਜਪਾਨ ਦੇ ਓਸਾਕਾ ਵਿਚ 28-29 ਜੂਨ ਨੂੰ ਜੀ-20 ਸਿਖਰ ਸੰਮੇਲਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਮੁਲਾਕਾਤ ਹੋਵੇਗੀ। ਇਸ ਯਾਤਰਾ ਦੌਰਾਨ ਪੌਂਪੀਓ ਤੇ ਜੈਸ਼ੰਕਰ ਦੁਪਹਿਰ ਦੇ ਭੋਜਨ ਸਮੇਂ ਗੱਲਬਾਤ ਕਰਨਗੇ। ਪੌਂਪੀਓ ਦਾ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਦਾ ਵੀ ਪ੍ਰੋਗਰਾਮ ਹੈ। ਉਹ ਭਾਰਤ ਤੇ ਅਮਰੀਕਾ ਦੇ ਉੱਦਮੀਆਂ ਦੀ ਬੈਠਕ ਨੂੰ ਸੰਬੋਧਨ ਕਰਨਗੇ ਤੇ ਇੰਡੀਆ ਇੰਟਰਨੈਸ਼ਨਲ ਸੈਂਟਰ ਵਿਚ ਵੀ ਭਾਸ਼ਣ ਦੇਣਗੇ। ਜੈਸ਼ੰਕਰ ਨੇ ਕਿਹਾ, ‘‘ਪੌਂਪੀਓ ਨਾਲ ਵਪਾਰ ਸਬੰਧੀ ਗੱਲਬਾਤ ਕੀਤੀ ਜਾਵੇਗੀ ਤੇ ਇਹ ਮਹੱਤਵਪੂਰਨ ਗੱਲਬਾਤ ਹੋਵੇਗੀ। ਅਸੀਂ ਆਪਸੀ ਵਪਾਰ ਨਾਲ ਜੁੜੇ ਮੁੱਦਿਆਂ ’ਤੇ ਗੱਲਬਾਤ ਕਰਾਂਗੇ।’’ ਉਨ੍ਹਾਂ ਕਿਹਾ ਕਿ ਭਾਰਤ ਤੇ ਅਮਰੀਕਾ ਦੇ ਆਪੋ ਆਪਣੇ ਹਿੱਤ ਹਨ ਤੇ ਅਜਿਹੇ ਵਿਚ ਟਕਰਾਅ ਹੋਣਾ ਸੁਭਾਵਿਕ ਹੈ।