ਅਮਰੀਕਾ ਵਿੱਚ ਗਣਤੰਤਰ ਦਿਵਸ ਸਮਾਗਮ ਲਈ ਆਨੰਦ ਕੁਮਾਰ ਨੂੰ ਸੱਦਾ

ਵਾਸ਼ਿੰਗਟਨ- ਸੁਪਰ-30’ ਵਜੋਂ ਜਾਣੇ ਗਣਿਤ ਮਾਹਿਰ ਆਨੰਦ ਕੁਮਾਰ ਨੂੰ ਅਗਲੇ ਸਾਲ ਜਨਵਰੀ ਮਹੀਨੇ ਨਿਊਯਾਰਕ ’ਚ ਮਨਾਏ ਜਾਣ ਵਾਲੇ ਗਣਤੰਤਰ ਦਿਵਸ ਸਮਾਗਮ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਇਹ ਸਮਾਗਮ ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ (ਐੱਫ.ਆਈ.ਏ.) ਵੱਲੋਂ 2020 ਵਿੱਚ ਵੱਡੇ ਪੱੱਧਰ ’ਤੇ ਕਰਵਾਇਆ ਜਾਣਾ ਹੈ। ਐੱਫ.ਆਈ.ਏ. ਦੇ ਪ੍ਰਧਾਨ ਅਲੋਕ ਕੁਮਾਰ ਨੇ ਸ਼ਨਿੱਚਰਵਾਰ ਨੂੰ ਜਾਰੀ ਬਿਆਨ ’ਚ ਦੱਸਿਆ, ‘ਐੱਫ.ਆਈ.ਏ. 2020 ’ਚ ਆਪਣੇ 50 ਸਾਲ ਪੂਰੇ ਕਰ ਰਹੀ। ਇਸ ਕਰ ਕੇ ਅਸੀਂ ਕਾਫ਼ੀ ਵਿਚਾਰ ਵਟਾਂਦਰੇ ਮਗਰੋਂ ਆਨੰਦ ਕੁਮਾਰ, ਜਿਨ੍ਹਾਂ ਨੇ ਸਿੱਖਿਆ ਦੇ ਖੇਤਰ ’ਚ ਬਹੁਤ ਜ਼ਿਆਦਾ ਕੰਮ ਕਰਦਿਆਂ ਹਰ ਭਾਰਤੀ ਮਾਣ ਵਧਾਇਆ, ਨੂੰ ਸਮਾਗਮ ’ਚ ਬੁਲਾਉਣ ਦਾ ਫ਼ੈਸਲਾ ਕੀਤਾ।’’ ਉਨ੍ਹਾਂ ਦੱਸਿਆ ਕਿ ਆਨੰਦ ਕੁਮਾਰ ’ਤੇ ਬਣੀ ‘ਸੁਪਰ-30’ ਫ਼ਿਲਮ ਨੂੰ ਅਮਰੀਕਾ ’ਚ ਲੋਕਾਂ ਵੱਲੋਂ ਬਹੁਤ ਉਤਸ਼ਾਹ ਨਾਲ ਵੇਖਿਆ ਗਿਆ ਅਤੇ ਹੁਣ ਲੋਕ ਆਨੰਦ ਕੁਮਾਰ ਨੂੰ ਮਿਲਣਾ ਚਾਹੁੰਦੇ ਹਨ। ਜ਼ਿਕਰਯੋਗ ਹੈ ਕਿ ‘ਸੁਪਰ-30’ ਅਨੰਦ ਕੁਮਾਰ ਦਾ ਪ੍ਰੋਗਰਾਮ ਹੈ ਜਿਸ ਰਾਹੀਂ ਉਹ ਸਹੂਲਤਾਂ ਤੋਂ ਵਿਹੂਣੇ ਬੱਚਿਆਂ ਨੂੰ ਬਿਨਾਂ ਫ਼ੀਸ ਤੋਂ ਆਈਆਈਈ ਦੇ ਦਾਖਲਾ ਟੈਸਟ ਦੀ ਤਿਆਰੀ ਕਰਵਾਉਂਦੇ ਹਨ।