ਅਮਰੀਕਾ ’ਚ ਕਰੋਨਾ ਪੀੜਤਾਂ ਦੀ ਗਿਣਤੀ ਇਕ ਲੱਖ ਤੋਂ ਟੱਪੀ

ਅਮਰੀਕਾ ’ਚ ਕਰੋਨਾਵਾਇਰਸ ਤੋਂ ਪੀੜਤ ਵਿਅਕਤੀਆਂ ਦੀ ਗਿਣਤੀ ਵਧ ਕੇ 1 ਲੱਖ 717 ਹੋ ਗਈ ਹੈ। ਜੌਹਨ ਹੋਪਕਿਨਸ ਯੂਨੀਵਰਸਿਟੀ ਮੁਤਾਬਕ ਅਮਰੀਕਾ ’ਚ ਵਾਇਰਸ ਕਾਰਨ 1544 ਵਿਅਕਤੀ ਆਪਣੀ ਜਾਨ ਗੁਆ ਚੁੱਕੇ ਹਨ। ਉਧਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਚੀਨ ਉਨ੍ਹਾਂ ਨਾਲ ਕਰੋਨਾਵਾਇਰਸ ਬਾਰੇ ਡੇਟਾ ਸਾਂਝਾ ਕਰੇਗਾ ਅਤੇ ਉਹ ਚੀਨ ਦੇ ਤਜਰਬੇ ਤੋਂ ਸਬਕ ਲੈ ਕੇ ਮਹਾਮਾਰੀ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਕਰਨਗੇ।
ਨਿਊਯਾਰਕ ’ਚ ਮਹਾਮਾਰੀ ਦਾ ਕਹਿਰ ਟੁੱਟਿਆ ਹੈ ਅਤੇ ਉਥੇ 500 ਤੋਂ ਵੱਧ ਵਿਅਕਤੀਆਂ ਦੀ ਮੌਤ ਹੋਈ ਹੈ। ਸ਼ਹਿਰ ਦੇ ਹਸਪਤਾਲਾਂ ਨੂੰ ਬੈੱਡਾਂ, ਨਿੱਜੀ ਸੁਰੱਖਿਆ ਵਾਲੇ ਸਾਜ਼ੋ-ਸਾਮਾਨ ਅਤੇ ਵੈਂਟੀਲੇਟਰਾਂ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਕਰੋਨਾਵਾਇਰਸ ਇਸੇ ਤਰ੍ਹਾਂ ਫੈਲਦਾ ਰਿਹਾ ਤਾਂ ਅਮਰੀਕਾ ਦੇ ਦੂਜੇ ਸ਼ਹਿਰਾਂ ਦੀ ਹਾਲਤ ਵੀ ਨਿਊਯਾਰਕ ਵਰਗੀ ਹੋ ਸਕਦੀ ਹੈ।
ਟਰੰਪ ਨੇ ਇਕ ਦਿਨ ਪਹਿਲਾਂ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਨਾਲ ਫੋਨ ’ਤੇ ਇਕ ਘੰਟੇ ਤਕ ਗੱਲਬਾਤ ਕੀਤੀ। ਇਹ ਗੱਲ ਉਸ ਸਮੇਂ ਹੋਈ ਹੈ ਜਦੋਂ ਕੁਝ ਦਿਨ ਪਹਿਲਾਂ ਅਮਰੀਕੀ ਰਾਸ਼ਟਰਪਤੀ ਨੇ ਕਰੋਨਾਵਾਇਰਸ ਨੂੰ ‘ਚੀਨੀ ਵਾਇਰਸ’ ਐਲਾਨਦਿਆਂ ਪੇਈਚਿੰਗ ’ਤੇ ਆਪਣਾ ਨਜ਼ਲਾ ਝਾੜਿਆ ਸੀ। ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਵੀ ਚੀਨ ਦੀ ਹੁਕਮਰਾਨ ਕਮਿਊਨਿਸਟ ਪਾਰਟੀ ’ਤੇ ਦੋਸ਼ ਲਾਇਆ ਸੀ ਕਿ ਉਸ ਨੇ ਅਮਰੀਕੀਆਂ ਦੀ ਸਿਹਤ ਲਈ ਖ਼ਤਰਾ ਖੜ੍ਹਾ ਕਰ ਦਿੱਤਾ ਹੈ। ਸ਼ੀ ਨੇ ਟਰੰਪ ਨੂੰ ਕਰੋਨਾਵਾਇਰਸ ਨਾਲ ਲੜਨ ਲਈ ਪੂਰੀ ਹਮਾਇਤ ਦੇਣ ਦਾ ਭਰੋਸਾ ਦਿੱਤਾ।