ਅਮਰਨਾਥ ਯਾਤਰਾ ਕਰਕੇ ਦੋ ਬੱਸਾਂ ਦਾ ਜਥਾ ਰਾਜ਼ੀ ਖੁਸ਼ੀ ਨੂਰਮਹਿਲ ਵਾਪਿਸ ਪਰਤਿਆ 

ਫੋਟੋ : ਪਾਵਣ ਗੁਫ਼ਾ ਦੇ ਅੰਦਰ ਮੰਡਲ ਪ੍ਰਧਾਨ ਅਸ਼ੋਕ ਸੰਧੂ, ਵਿਸ਼ੇਸ਼ ਸਕੱਤਰ ਬਬਿਤਾ ਸੰਧੂ ਆਪਣੇ ਸਾਥੀ ਯਾਤਰੀਆਂ ਨਾਲ।
ਨੂਰਮਹਿਲ – (ਹਰਜਿੰਦਰ ਛਾਬੜਾ) ਮੰਡਲ ਦੀ ਵਿਸ਼ੇਸ਼ ਸਕੱਤਰ ਸ਼੍ਰੀਮਤੀ ਬਬਿਤਾ ਸੰਧੂ ਅਤੇ ਕੋਆਰਡੀਨੇਟਰ ਦਿਨਕਰ ਸੰਧੂ ਨੇ ਦੱਸਿਆ ਕਿ ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਦੀ ਇਹ ਲਗਾਤਾਰ 14ਵੀਂ ਸਾਲਾਨਾ ਸ਼੍ਰੀ ਅਮਰਨਾਥ ਯਾਤਰਾ ਸੀ ਜੋ ਹਰ ਸਾਲ ਦੀ ਤਰਾਂ ਇਸ ਸਾਲ ਵੀ ਸ਼ਿਵ ਕਿਰਪਾ ਨਾਲ ਦੋ ਬੱਸਾਂ ਦੇ ਜਥੇ ਵਿੱਚ ਗਈ ਸੰਗਤ ਦੇ ਰਾਜ਼ੀ-ਖੁਸ਼ੀ ਘਰ ਪਰਤਣ ਤੇ ਸੰਪੂਰਣ ਹੋਈ। ਸਾਰੀਆਂ ਸੰਗਤਾਂ ਨੂੰ ਬਾਬਾ ਬਰਫ਼ਾਨੀ ਜੀ ਨੇ ਆਪਣੇ ਵਿਸ਼ਾਲ ਸਵਰੂਪ ਖੁਲ੍ਹੇ ਦਰਸ਼ਨ ਦਿੱਤੇ ਅਤੇ ਹਰ ਸੰਕਟ ਤੋਂ ਬਚਾ ਕੇ ਰੱਖਿਆ। ਉਹਨਾਂ ਹੋਰ ਦੱਸਿਆ ਕਿ 14 ਸਾਲਾਂ ਦੀਆਂ ਯਾਤਰਾਵਾਂ ਵਿੱਚ ਇਹ ਪਹਿਲਾ ਮੌਕਾ ਹੈ ਕਿ ਜੋ ਦਰਸ਼ਨ ਅਸੀਂ ਅਕਸਰ ਤਸਵੀਰਾਂ ਵਿੱਚ ਕਰਦੇ ਹਾਂ ਉਹੋ ਜਿਹੇ ਵਿਸ਼ਾਲ ਅਤੇ ਦੁਰਲੱਭ ਦਰਸ਼ਨ ਸਾਰੀਆਂ ਸੰਗਤਾਂ ਨੇ ਆਪਣੀਆਂ ਨਜ਼ਰਾਂ ਨਾਲ ਕੀਤੇ। ਉਹਨਾਂ ਕਿਹਾ ਕਿ ਉਹਨਾਂ ਦੀ ਖੁਸ਼ੀਆਂ ਨੂੰ ਉਸ ਵਕਤ ਹੋਰ ਚਾਰ ਚੰਨ ਲੱਗ ਗਏ ਜਦੋਂ ਭੋਲੇ ਬਾਬਾ ਨੇ ਮੰਡਲ ਪ੍ਰਧਾਨ ਅਸ਼ੋਕ ਸੰਧੂ ਨੂੰ ਪ੍ਰਸਾਦ ਦੇ ਰੂਪ ਵਿੱਚ ਦੇਸ਼ ਦਾ ਰਾਸ਼ਟਰੀ ਝੰਡਾ ਮਿਲਿਆ। ਜਥੇ ਨਾਲ ਚੰਡੀਗੜ੍ਹ, ਗਵਾਲੀਅਰ, ਦਿੱਲੀ ਅਤੇ ਹਿਮਾਚਲ ਤੋਂ ਗਏ ਯਾਤਰੀ ਸ਼੍ਰੀ ਯਤਿਨ ਮਿੱਤਲ, ਕਰਮਜੀਤ ਸਿੰਘ, ਲੋਕੇਂਦਰ ਸ਼ਰਮਾ, ਮਨਮੀਤ ਵਿਆਸ, ਪਿਊਸ਼ ਮਲਹੋਤਰਾ ਨੇ ਦੱਸਿਆ ਕਿ ਇਸ ਵਾਰ ਸੁਰੱਖਿਆ ਦੇ ਇੰਤਜ਼ਾਮ ਬਹੁਤ ਸਖ਼ਤ ਸਨ ਜੋ ਸਲਾਉਹੁਣ ਯੋਗ ਹਨ ਪਰ ਘੋੜੇ ਅਤੇ ਪਿੱਠੂ ਵਾਲਿਆਂ ਤੇ ਕੋਈ ਕੰਟਰੋਲ ਨਾ ਹੋਣ ਕਾਰਨ ਹਰ ਯਾਤਰੀ ਨੂੰ ਉਹਨਾਂ ਦੀ ਧੱਕੇਸ਼ਾਹੀ ਅਤੇ ਬਦਸਲੂਕੀ ਦਾ ਸ਼ਿਕਾਰ ਹੋਣਾ ਪਿਆ। ਬੀ.ਐਸ.ਐਨ.ਐਲ ਦੀ ਮੋਬਾਇਲ ਸੇਵਾ ਹੋਰਾਂ ਓਪਰੇਟਰਾਂ ਦੇ ਮੁਕਾਬਲੇ ਖੋਟੀ ਰਹੀ।
                    ਸਮੂਹ ਯਾਤਰੀਆਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਯਾਤਰਾ ਪਰਮਿਟ ਫੀਸ ਦੀ ਦੁੱਗਣੀ ਕੀਤੀ ਫੀਸ ਵਾਪਿਸ ਲਈ ਜਾਵੇ, ਹੈਲਥ ਸਰਟੀਫਿਕੇਟ ਜਾਰੀ ਕਰਨ ਵਾਲੇ ਡਾਕਟਰਾਂ ਦੀ ਘਟਾਈ ਗਈ ਗਿਣਤੀ ਵਧਾਈ ਜਾਵੇ, ਹਰ ਸਬ ਤਹਿਸੀਲ ਦੇ ਸਰਕਾਰੀ ਹਸਪਤਾਲ ਵਿੱਚ ਸਰਟੀਫਿਕੇਟ ਜਾਰੀ ਕਰਨ ਵਾਲੇ ਡਾਕਟਰਾਂ ਦੀ ਨਿਯੁਕਤੀ ਕੀਤੀ ਜਾਵੇ ਤਾਂਕਿ ਲੋਕ ਖੱਜਲ ਖੁਆਰ ਹੋਣ ਤੋਂ ਬਚ ਸਕਣ।
                    ਮੰਡਲ ਪ੍ਰਧਾਨ ਅਸ਼ੋਕ ਸੰਧੂ ਨੇ ਟੋਲ ਪਲਾਜ਼ਾ ਵਾਲਿਆਂ ਵੱਲੋਂ ਸ਼੍ਰੀ ਅਮਰਨਾਥ ਯਾਤਰੀਆਂ ਦੀਆਂ ਗੱਡੀਆਂ ਪਾਸੋਂ ਉਗਰਾਹੇ ਜਾਂਦੇ ਟੋਲ ਟੈਕਸ ਦੀ ਵੀ ਸਖ਼ਤ ਨਿੰਦਾ ਕੀਤੀ। ਭਾਰਤ ਅਤੇ ਪੰਜਾਬ ਸਰਕਾਰ ਨੂੰ ਟੋਲ ਪਲਾਜ਼ੇ ਵਾਲਿਆਂ ਨੂੰ ਅਮਰਨਾਥ ਯਾਤਰੀਆਂ ਪਾਸੋਂ ਟੋਲ ਟੈਕਸ ਨਾ ਲੈਣ ਸੰਬੰਧੀ ਸਖ਼ਤ ਨਿਰਦੇਸ਼ ਜਾਰੀ ਕਰਨ ਦੀ ਫੌਰੀ ਮੰਗ ਕੀਤੀ ਹੈ।