ਅਦਾਲਤੀ ਹੁਕਮਾਂ ਦੀ ਦੇਸੀ ਭਾਸ਼ਾਵਾਂ ਵਿੱਚ ਤਰਜਮੇ ਦੀ ਲੋੜ: ਕੋਵਿੰਦ

ਉੱਚ ਅਦਾਲਤਾਂ ਦੇ ਹੁਕਮ ਲੋਕਾਂ ਦੀ ਸਮਝ ਵਿੱਚ ਆ ਸਕਣ ਇਸ ਲਈ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਇਨ੍ਹਾਂ ਹੁਕਮਾਂ ਦਾ ਭਾਰਤੀ ਭਾਸ਼ਾਵਾਂ ਵਿੱਚ ਤਰਜਮਾ ਕੀਤੇ ਜਾਣ ਦੀ ਲੋੜ ’ਤੇ ਜ਼ੋਰ ਦਿੱਤਾ। ਰਾਸ਼ਟਰਪਤੀ ਨੇ ਤਾਮਿਲਨਾਡੂ ਡਾ. ਅੰਬੇਡਕਰ ਲਾਅ ਯੂਨੀਵਰਸਿਟੀ ਦੇ ਡਿਗਰੀ ਵੰਡ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਵਰ੍ਹਿਆਂ ਦੌਰਾਨ ਕਾਨੂੰਨ ਬਾਰੇ ਸਾਡੀ ਸਮਝ ਵਿਆਪਕ ਅਤੇ ਗੁੰਝਲਦਾਰ ਹੋਈ ਹੈ। ਹਾਲਾਂਕਿ ਉਨ੍ਹਾਂ ਸਵਾਲ ਪੁੱਛਣ ਦੇ ਲਹਿਜ਼ੇ ਨਾਲ ਕਿਹਾ ਕਿ ਕੀ ਕਾਨੂੰਨ ਵਿਵਸਥਾ ਅਤੇ ਨਿਆਂ ਤਕ ਪਹੁੰਚ ਨਾਲ ਜੁੜੇ ਮਸਲਿਆਂ ’ਤੇ ਲੋੜੀਂਦਾ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਦੀ ਸਮਝ ਵਧਾਉਣ ਅਤੇ ਕਾਨੂੰਨੀ ਨੇਮਾਂ ਨੂੰ ਸੌਖਾ ਬਣਾਉਣ ਦੀ ਲੋੜ ਹੈ। ਰਾਸ਼ਟਰਪਤੀ ਨੇ ਗਰੀਬਾਂ ਲਈ ਕਾਨੂੰਨ ਦੀ ਬਰਾਬਰ ਪਹੁੰਚ ਦੀ ਵਕਾਲਤ ਕਰਦਿਆਂ ਕਿਹਾ ਕਿ ਨਿਆਂ ਛੇਤੀ ਅਤੇ ਹਰੇਕ ਦੀ ਪਹੁੰਚ ਯੋਗ ਬਣਾਉਣਾ ਵਕੀਲ ਭਾਈਚਾਰੇ ਦੀ ਵੱਡੀ ਜ਼ਿੰਮੇਵਾਰੀ ਹੈ।